ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਏਅਰਪੋਰਟ ਤੋਂ ਆਪਣੇ ਜੱਦੀ ਪਿੰਡ ਲਈ ਰਵਾਨਾ

ਗੁਰਪ੍ਰੀਤ ਸਿੰਘ :- ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਦੇ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਲਈ ਰਵਾਨਾ ਹੋ ਗਏ ਹਨ। ਪੁਲਿਸ ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਬੁਲੇਟਪਰੂਫ ਗੱਡੀ ਵਿੱਚ ਲੈ ਜਾ ਰਹੀ ਹੈ, ਅਤੇ ਕਈ ਪੁਲਿਸ ਗੱਡੀਆਂ ਉਨ੍ਹਾਂ ਦੇ ਵਾਹਨ ਦੇ ਪਿੱਛੇ-ਪਿੱਛੇ ਆ ਰਹੀਆਂ ਹਨ।

MP ਅੰਮ੍ਰਿਤਪਾਲ ਸਿੰਘ ਅੱਜ ਭਾਰੀ ਪੁਲਿਸ ਸੁਰੱਖਿਆ ਦੇ ਹੇਠ ਆਪਣੀ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ। ਅੱਜ ਸਵੇਰੇ ਹੀ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਲੈ ਕੇ ਪਹੁੰਚੀ ਸੀ। ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਤੋਂ ਅੰਮ੍ਰਿਤਸਰ ਹਵਾਈ ਜਹਾਜ਼ ਰਾਹੀਂ ਲਿਆਂਦਾ ਗਿਆ ਹੈ। ਉਹ ਕਰੀਬ ਸਾਢੇ ਤਿੰਨ ਸਾਲ ਬਾਅਦ ਪੰਜਾਬ ਆਏ ਹਨ।

ਅੱਜ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਪੁਲਿਸ ਸੁਰੱਖਿਆ ਹੇਠ ਉਨ੍ਹਾਂ ਦੀ ਦਾਦੀ ਚਰਨ ਕੌਰ ਦੇ ਅੰਤਿਮ ਸਸਕਾਰ ’ਚ ਸ਼ਾਮਲ ਕਰਵਾਇਆ ਜਾਵੇਗਾ। ਅੰਮ੍ਰਿਤਸਰ ਦੀ ਅਦਾਲਤ ਨੇ ਸਸਕਾਰ ‘ਚ ਸ਼ਾਮਿਲ ਹੋਣ ਲਈ ਉਨ੍ਹਾਂ ਨੂੰ ਤਿੰਨ ਘੰਟਿਆਂ ਦੀ ‘ਕਸਟਡੀ ਪੈਰੋਲ’ ਦਿੱਤੀ ਹੈ, ਜੋ ਦੁਪਹਿਰ 12:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗੀ। ਜਿਸ ਤੋਂ ਬਾਅਦ ਫੇਰ ਵਾਪਿਸ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।

ਦੱਸ ਦਈਏ ਕਿ ਉਨ੍ਹਾਂ ਨੂੰ ਆਪਣੀ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਕਰਵਾਉਣ ਲਈ ਪੰਜਾਬ ਪੁਲਿਸ ਦੀ ਟੀਮ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਬੀਤੇ ਕੱਲ੍ਹ ਹੀ ਦਿੱਲੀ ਲੈ ਆਈ ਸੀ ਅਤੇ ਉਨ੍ਹਾਂ ਨੂੰ ਰਾਤ ਨੂੰ ਸੁਰੱਖਿਅਤ ਘਰ (ਸੇਫ ਹਾਊਸ) ’ਚ ਰੱਖਿਆ ਗਿਆ ਸੀ। ਅੰਮ੍ਰਿਤਪਾਲ ਸਿੰਘ ਨੂੰ ਲਿਆਉਣ ਅਤੇ ਵਾਪਸ ਲਿਜਾਣ ਦੇ ਖਰਚੇ ਵਜੋਂ ਪਰਿਵਾਰ ਵੱਲੋਂ ਪੁਲਿਸ ਦੇ ਖਾਤੇ ’ਚ 10 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਹਨ।

ਜਿਸ ਤੋਂ ਬਾਅਦ ਹੁਣ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਸਥਿਤ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਵਿਖੇ ਆਪਣੀ ਦਾਦੀ ਚਰਨ ਕੌਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ।

By Gurpreet Singh

Leave a Reply

Your email address will not be published. Required fields are marked *