ਜੰਡਿਆਲਾ ਬੱਸ ਅੱਡੇ ਦੀ ਅਚਾਨਕ ਚੈਕਿੰਗ ਦੌਰਾਨ ਮੰਤਰੀ ਹਰਭਜਨ ਸਿੰਘ ਨੇ ਗੈਰਹਾਜ਼ਰ ਇੰਸਪੈਕਟਰ ਨੂੰ ਕੀਤਾ ਮੁਅੱਤਲ

ਨੈਸ਼ਨਲ ਟਾਈਮਜ਼ ਬਿਊਰੋ :-ਕੈਬਿਨਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇ ਬੀਤੀ ਸ਼ਾਮ ਅਚਨਚੇਤ ਜੰਡਿਆਲਾ ਗੁਰੂ ਵਿਖੇ ਬਣੇ ਬੱਸ ਅੱਡੇ ਤੇ ਚੈਕਿੰਗ ਕੀਤੀ ਅਤੇ ਸਰਕਾਰ ਵੱਲੋਂ ਤਾਇਨਾਤ ਕੀਤੇ ਪੰਜਾਬ ਰੋਡਵੇਜ਼ ਦੇ ਇੰਸਪੈਕਟਰ ਰਜਿੰਦਰ ਸਿੰਘ ਦੇ ਗੈਰ ਹਾਜ਼ਰ ਪਾਏ ਜਾਣ ਤੇ ਨੌਕਰੀ ਤੋਂ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।

ਇਸ ਸਬੰਧੀ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅੰਮ੍ਰਿਤਸਰ -1 ਨੇ ਇਸ ਇੰਸਪੈਕਟਰ ਸਬੰਧਈ ਮੁਅੱਤਲੀ ਹੁਕਮ ਜਾਰੀ ਕੀਤੇ। ਹੁਕਮਾਂ ਮੁਤਾਬਕ ਰਜਿੰਦਰ ਸਿੰਘ ਨੰਬਰ ਕੰ. ਨੂੰ: 462 ਪੰਜਾਬ ਰੋਡਵੇਜ਼ ਅੰਮ੍ਰਿਤਸਰ 1 ਜਿਸ ਦੀ ਡਿਊਟੀ ਜੀਟੀ ਰੋਡ ਜੰਡਿਆਲਾ ਗੁਰੂ ਅੱਡੇ ਤੇ ਲਗਾਈ ਗਈ ਸੀ ਤੇ ਉਹ ਮੌਕੇ ਤੋਂ ਗੈਰ ਹਾਜ਼ਰ ਪਾਇਆ ਗਿਆ।

ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਦਿਆਂ ਉਸ ਨੂੰ ਪੰਜਾਬ ਸਿਵਿਲ ਸਰਵਿਸ (ਸਜ਼ਾ ਤੇ ਅਪੀਲ ) 1970 ਦੇ ਨਿਯਮ 4 (1 ) ਅਧੀਨ ਤੁਰੰਤ ਸੇਵਾ ਤੋਂ ਮੁਅੱਤਲ ਕੀਤਾ ਗਿਆ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਜਦੋਂ ਪੰਜਾਬ ਰੋਡਵੇਜ਼ ਦੇ ਜੰਡਿਆਲਾ ਗੁਰੂ ਜੀਟੀ ਰੋਡ ਤੇ ਅੱਡੇ ਤੇ ਪੁੱਜੇ ਤਾਂ ਉੱਥੇ ਵੱਡੀ ਤਾਦਾਦ ਦੇ ਵਿਚ ਸਵਾਰੀਆਂ ਖੜੀਆਂ ਪਰੇਸ਼ਾਨ ਹੋ ਰਹੀਆਂ ਸਨ ਤੇ ਉਨ੍ਹਾਂ ਨੇ ਸਵਾਰੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਤੇ ਉਨ੍ਹਾਂ ਨੇ ਆਪ ਬੱਸਾਂ ਰੋਕ ਕੇ ਸਵਾਰੀਆਂ ਨੂੰ ਵਿਚ ਬਿਠਾਇਆ। ਉਨ੍ਹਾਂ ਰੋਡਵੇਜ਼ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਬੱਸ ਜੰਡਿਆਲਾ ਗੁਰੂ ਬੱਸ ਅੱਡੇ ਤੋਂ ਬਿਨਾਂ ਸਵਾਰੀਆਂ ਲਏ ਜਾਂ ਮਨਮਰਜ਼ੀ ਨਾ ਰੂਟ ਬਦਲ ਕੇ ਨਾ ਜਾਵੇ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ। ਇਸ ਮੌਕੇ ਐੱਸਐੱਸ ਬੋਰਡ ਦੇ ਮੈਂਬਰ ਨਰੇਸ਼ ਪਾਠਕ, ਜਗਰੂਪ ਸਿੰਘ ਰੂਬੀ, ਸੁਨੈਣਾ ਰੰਧਾਵਾ ਅਤੇ ਹੋਰ ਆਗੂ ਵੀ ਹਾਜ਼ਰ ਸਨ। ਕੈਪਸ਼ਨ: ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਜੰਡਿਆਲਾ ਬੱਸ ਸਟੈਡ ਦੀ ਚੈਕਿੰਗ ਕਰਦੇ ਹੋਏ।

By Gurpreet Singh

Leave a Reply

Your email address will not be published. Required fields are marked *