ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ 5 ਸਕੂਲਾਂ ‘ਚ 116.26 ਲੱਖ ਰੁਪਏ ਦੇ ਵਿਕਾਸ ਕਾਰਜ ਸਮਰਪਿਤ

ਡੇਰਾਬੱਸੀ, 11 ਅਪ੍ਰੈਲ (ਗੁਰਪ੍ਰੀਤ ਸਿੰਘ): ਡੇਰਾਬੱਸੀ ਹਲਕੇ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਅੱਜ ਪੰਜਾਬ ਸਿਖਿਆ ਕ੍ਰਾਂਤੀ ਤਹਿਤ ਪੰਜ ਸਰਕਾਰੀ ਸਕੂਲਾਂ ਵਿੱਚ 116.26 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ।

ਇਨ੍ਹਾਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਸਮਗੌਲੀ ਵਿਖੇ 2 ਲੱਖ ਰੁਪਏ ਨਾਲ ਬਣੀ ਚਾਰਦੀਵਾਰੀ, 2.55 ਲੱਖ ਰੁਪਏ ਦੀ ਲਾਗਤ ਨਾਲ ਹੋਈ ਕਲਾਸ ਰੂਮਜ਼ ਦੀ ਮੁਰੰਮਤ ਅਤੇ 15.02 ਲੱਖ ਰੁਪਏ ਦੀ ਲਾਗਤ ਨਾਲ ਦੋ ਨਵੇਂ ਕਲਾਸ ਰੂਮਜ਼, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਗੌਲੀ ਵਿਖੇ 8 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਈ ਚਾਰਦੀਵਾਰੀ ਅਤੇ 9.55 ਲੱਖ ਰੁਪਏ ਨਾਲ ਉਸਾਰੇ ਗਏ ਕਲਾਸ ਰੂਮ, ਸਰਕਾਰੀ ਪ੍ਰਾਇਮਰੀ ਸਕੂਲ ਜਿਉਲੀ ਵਿਖੇ 8.69 ਲੱਖ ਰੁਪਏ ਦੀ ਲਾਗਤ ਨਾਲ ਹੋਈ ਕਲਾਸ ਰੂਮਜ਼ ਦੀ ਮੁਰੰਮਤ, 22.53 ਲੱਖ ਰੁਪਏ ਨਾਲ ਬਣੇ ਨਵੇਂ ਕਲਾਸ ਰੂਮਜ਼, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਉਲੀ ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਬਣੀ ਸਾਇੰਸ ਲੈਬ, 22.53 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਨਵੇਂ ਕਲਾਸ ਰੂਮਜ਼, 1.5 ਲੱਖ ਰੁਪਏ ਨਾਲ ਮੁਕੰਮਲ ਹੋਏ ਖੇਡ ਮੈਦਾਨ ਅਤੇ 5.38 ਰੁਪਏ ਨਾਲ ਦੂਸਰੇ ਮੁਰੰਮਤ ਤੇ ਸਾਂਭ-ਸੰਭਾਲ ਦੇ ਕਾਰਜਾਂ, ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅੰਬਛਪਾ ਵਿਖੇ 7.51 ਲੱਖ ਰੁਪਏ ਦੀ ਲਾਗਤ ਨਾਲ ਬਣੇ ਕਲਾਸ ਰੂਮ ਦੇ ਕਾਰਜ ਮੁਕੰਮਲ ਹੋਣ ਉਪਰੰਤ ਉਦਘਾਟਿਤ ਕੀਤੇ ਗਏ।

ਉਨ੍ਹਾਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ 54 ਦਿਨਾਂ ਦਾ ਇਹ ਪੰਜਾਬ ਸਿਖਿਆ ਕ੍ਰਾਂਤੀ ਪ੍ਰੋਗਰਾਮ ਸੂਬੇ ਦੇ ਉਨ੍ਹਾਂ ਵਿਰੋਧੀ ਆਗੂਆਂ ਨੂੰ ਜ਼ਮੀਨੀ ਸਚਾਈ ਤੋਂ ਜਾਣੂ ਕਰਵਾਉਣ ਲਈ ਵੀ ਹੈ ਜੋ ਸਿਆਸੀ ਵਿਰੋਧ ’ਚ ਇਹ ਕਹਿੰਦੇ ਨਹੀਂ ਥੱਕਦੇ ਕਿ ਪੰਜਾਬ ’ਚ ਕੋਈ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ 2000 ਕਰੋੜ ਰੁਪਏ ਪੰਜਾਬ ਦੇ 12000 ਸਕੂਲਾਂ ਦੇ ਵਿਕਾਸ ਅਤੇ ਸਿਖਿਆ ਢਾਂਚੇ ਦੀ ਪੁਨਰ ਸੁਰਜੀਤੀ ’ਤੇ ਖਰਚੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਤੋਂ ਵੀ ਸੋਹਣੀਆਂ ਬਣੀਆਂ ਇਮਾਰਤਾਂ ’ਚ ਡੈਸਕਾਂ ’ਤੇ ਸੋਹਣੀਆਂ ਵਰਦੀਆਂ ’ਚ ਬੈਠੇ ਦੇਖਦੇ ਹਾਂ ਤਾਂ ਇਸ ਗੱਲ ਦੀ ਸੰਤੁਸ਼ਟੀ ਹੋ ਜਾਂਦੀ ਹੈ ਕਿ ਲੋਕਾਂ ਤੋਂ ਜਿਨ੍ਹਾਂ ਆਸਾਂ ਅਤੇ ਉਮੀਦਾਂ ਦੇ ਭਰੋਸਿਆਂ ਨਾਲ ਵੋਟਾਂ ਮੰਗੀਆਂ ਸਨ, ਉਨ੍ਹਾਂ ਆਸਾਂ ਅਤੇ ਉਮੀਦਾਂ ’ਤੇ ਤਿੰਨ ਸਾਲ ਦੇ ਕਾਰਜ ਕਾਲ ’ਚ ਹੀ ਪੂਰੇ ਉਤਰੇ ਹਾਂ।

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਖਿਆ ਕਿ ਪੰਜਾਬ ’ਚ ਸਕੂਲ ਆਫ਼ ਐਮੀਨੈਂਸ ਦਾ ਵਿਚਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਹੀ ਲਿਆਂਦਾ ਅਤੇ ਅੱਜ ਜਦੋਂ ਇਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਦੇਖਦੇ ਹਾਂ ਤਾਂ ਮਹਿਸੂਸ ਕਰਦੇ ਹਾਂ ਕਿ ਗਰੀਬ ਘਰਾਂ ਦੇ ਵਿਦਿਆਰਥੀਆਂ ਨਾਲ ਉਨ੍ਹਾਂ ਦੀ ਲਿਆਕਤ ਦੇ ਹਿਸਾਬ ਨਾਲ ਨਿਆਂ ਕਰਨ ’ਚ ਸਫ਼ਲ ਹੋਏ ਹਾਂ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਜਾਂ ਸਮਾਜ ਦੀ ਪ੍ਰਗਤੀ ਉੱਥੋਂ ਦੇ ਬੱਚਿਆਂ ਦੀ ਪੜ੍ਹਾਈ ’ਤੇ ਨਿਰਭਰ ਕਰਦੀ ਹੈ, ਕਿਉਂ ਜੋ ਇਹ ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹਨ। ਇਨ੍ਹਾਂ ਨੂੰ ਚੰਗੀ ਵਿਦਿਆ ਮਿਲੇਗੀ ਤਾਂ ਅੱਗੋਂ ਇਹ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ ਅਤੇ ਆਪਣੀ ਉਸ ਸਿਖਿਆ ਸੰਸਥਾ ਨੂੰ ਯਾਦ ਕਰਨਗੇ ਜਿਥੋਂ ਉਹ ਕਾਮਯਾਬੀ ਦੀਆਂ ਪੌੜੀਆਂ ਚੜ੍ਹੇ ਸਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਸ. ਭਗਵੰਤ ਸਿੰਘ ਮਾਨ ਦੀ ਸਰਕਾਰ, ਸਮੁੱਚੇ ਵਿਧਾਇਕ ਅਤੇ ਸਮੁੱਚੀ ਆਮ ਆਦਮੀ ਪਾਰਟੀ ਉਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਜੋ ਪੰਜਾਬ ਨੂੰ ਦੇਸ਼ ’ਚੋਂ ਅੱਗੇ ਵੱਧਦਾ ਨਹੀਂ ਦੇਖਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਮੌਕਾ ਹਰ ਇੱਕ ਨੂੰ ਮਿਲਦਾ ਹੈ ਪਰ ਮੌਕੇ ਅਨੁਸਾਰ ਲੋਕਾਂ ਦੇ ਹੱਕ ’ਚ ਕੋਈ ਕੋਈ ਹੀ ਭੁਗਤਦਾ ਹੈ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਲੋਕਾਂ ਦੇ ਹੱਕ ’ਚ ਭੁਗਤਣ ਦਾ ਸਿਹਰਾ ਸਪੱਸ਼ਟ ਤੌਰ ’ਤੇ ਜਾਂਦਾ ਹੈ।

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਨਤਮਸਤਕ ਹੁੰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਸਕੂਲਾਂ ਨੂੰ ਸੰਵਾਰਨ ’ਚ ਦਿਖਾਈ ਦਿਲਚਸਪੀ ਸਦਕਾ ਹੀ ਅੱਜ ਇਨ੍ਹਾਂ ਸਕੂਲਾਂ ਦੀ ਦਿੱਖ ਤਬਦੀਲ ਹੋਈ ਹੈ। ਉਨ੍ਹਾਂ ਇਨ੍ਹਾਂ ਸਮੂਹ ਅਧਿਆਪਕਾਂ ਦੀ ਆਪਣੇ ਸਕੂਲਾਂ ਨੂੰ ਨਿਵੇਕਲੀ ਦਿੱਖ ਦੇਣ ’ਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।

ਇਸ ਮੌਕੇ ਇਨ੍ਹਾਂ ਸਕੂਲਾਂ ਦੇ ਮੁਖੀਆਂ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ ਅਤੇ ਮੋਹਤਬਰ ਲੋਕ ਮੌਜੂਦ ਸਨ।

By Gurpreet Singh

Leave a Reply

Your email address will not be published. Required fields are marked *