ਵਿਧਾਇਕ ਰੰਧਾਵਾ ਨੇ ਸਾਰੀਆਂ ਦਾ ਕੀਤਾ ਧੰਨਵਾਦ
ਇਤਿਹਾਸ ਵਿੱਚ ਇਹ ਪਹਿਲੀ ਮੀਟਿੰਗ ਸੀ ਜਿਸ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਤਰੁਣਪ੍ਰੀਤ ਸਿੰਘ ਸੌਂਦ ਸ਼ਾਮਿਲ ਹੋਏ
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਇਕਾਈਆਂ ਸੰਬੰਧੀ ਕਮੇਟੀ ਵੱਲੋਂ ਮਿਤੀ 7 ਫਰਵਰੀ 2025 ਨੂੰ ਪੰਜਾਬ ਵਿਧਾਨ ਸਭਾ ਦੇ ਪੰਜਾਬੀ ਰਿਜ਼ਨਲ ਹਾਲ ਵਿੱਚ ਮਾਣਯੋਗ ਸਪੀਕਰ, ਪੰਜਾਬ ਵਿਧਾਨ ਸਭਾ ਦੀ ਪ੍ਰੇਰਨਾ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ।
ਕਮੇਟੀ ਦੇ ਸਭਾਪਤੀ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਕਮੇਟੀ ਦੇ ਮੈਂਬਰ ਸ਼੍ਰੀ ਕੁਲਜੀਤ ਸਿੰਘ ਰੰਧਾਵਾ, ਸ਼੍ਰੀ ਅਮ੍ਰਿਤਪਾਲ ਸਿੰਘ ਸੁੱਖਾਨੰਦ, ਸ਼੍ਰੀ ਲਾਭ ਸਿੰਘ ਉਗੋਕੇ, ਸ਼੍ਰੀ ਜਸਵਿੰਦਰ ਸਿੰਘ ਰਮਦਾਸ, ਸ਼੍ਰੀ ਸੁਖਵਿੰਦਰ ਸਿੰਘ ਕੋਟਲੀ, ਸ੍ਰੀ ਰੂਪਿੰਦਰ ਸਿੰਘ ਹੈਪੀ, ਸ਼੍ਰੀ ਨਰੇਸ਼ ਕਟਾਰੀਆ ਸ਼ਾਮਲ ਹੋਏ ।
ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਇਹ ਪਹਿਲੀ ਮੀਟਿੰਗ ਸੀ ਜਿਸ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਤਰੁਣਪ੍ਰੀਤ ਸਿੰਘ ਸੌਂਦ, ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਉਚ ਅਧਿਕਾਰੀ ਜਿਸ ਵਿੱਚ ਦਿਲਰਾਜ ਸਿੰਘ ਪ੍ਰਬੰਧਕੀ ਸਕੱਤਰ, ਪਰਮਜੀਤ ਸਿੰਘ ਡਾਇਰਕੈਟਰ, ਵਿਭਾਗ ਦੇ ਚੀਫ ਇੰਜੀਨੀਅਰ, ਸਾਰੇ ਨਿਗਰਾਨ ਇੰਜੀਨੀਅਰ, ਸਾਰੇ ਕਾਰਜਕਾਰੀ ਇੰਜੀਨੀਅਰ, ਰਾਜ ਦੇ ਸਮੂਹ ਏ.ਡੀ.ਸੀਜ਼ (ਵਿਕਾਸ), ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਕੈਗ ਅਤੇ ਐਲਫਾ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ ।
ਤਕਰੀਬਨ ਸਾਢੇ ਤਿੰਨ ਘੰਟੇ ਚਲੀ ਇਸ ਮੀਟਿੰਗ ਵਿੱਚ ਪਿੰਡਾਂ ਦੇ ਵਿਕਾਸ ਸੰਬੰਧੀ ਹਰ ਪਹਿਲੂ ਖਾਸ ਕਰਕੇ ਮਗਨਰੇਗਾ ਸਕੀਮ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਰਪੰਚਾਂ ਦੇ ਕੰਮਾਂ, ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਆਡਿਟ ਪੈਰਿਆਂ ਦੀ ਪੈਂਡੈਂਸੀ ਖਤਮ ਕਰਨ ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਹੋਇਆ । ਕਮੇਟੀ ਵੱਲੋਂ ਵਿਭਾਗ ਨੂੰ ਇਨ੍ਹਾਂ ਦੇ ਲਾਗੂ ਹੋਣ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਢੁਕਵੀਆਂ ਸਿਫਾਰਸ਼ਾਂ ਵੀ ਕੀਤੀਆਂ ਗਈਆਂ । ਕਮੇਟੀ ਵਲੋਂ ਰਿਪੋਰਟ ਆਗਾਮੀ ਬਜਟ ਸੈਸ਼ਨ ਵਿੱਚ ਪੇਸ਼ ਕੀਤੀ ਜਾਵੇਗੀ। ਇਸ ਮੌਕੇ ਤੇ ਸਰਦਾਰ ਤਰੁਣਪ੍ਰੀਤ ਸਿੰਘ ਸੌਂਦ ਨੇ ਵਿਭਾਗ ਦੀ ਕਾਰਗੁਜ਼ਾਰੀ ਤੇ ਆਪਣੇ ਵਿਚਾਰ ਪੇਸ਼ ਕੀਤੇ । ਕਮੇਟੀ ਦੇ ਸਭਾਪਤੀ ਨੇ ਅਗਾਉਂ ਭਾਸ਼ਨ ਵਿੱਚ ਹਾਜ਼ਰ ਹੋਏ ਅਧਿਕਾਰੀਆਂ ਦਾ ਤੇ ਬਾਅਦ ਵਿੱਚ ਵਿਧਾਇਕ ਰੰਧਾਵਾ ਨੇ ਮੰਤਰੀ ਸਾਹਿਬ ਤੇ ਵਿਧਾਇਕ ਸਾਹਿਬਾਨਾਂ ਦਾ ਧੰਨਵਾਦ ਕੀਤਾ . ਵਿਭਾਗੀ ਅਧਿਕਾਰੀਆਂ ਨੇ ਵੀ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ ।
