ਨੈਸ਼ਨਲ ਟਾਈਮਜ਼ ਬਿਊਰੋ:- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦੋਰਾਹਾ ਦੇ ਪਿੰਡ ਘੁਡਾਣੀ ਕਲਾਂ ਵਿਚ ਮੀਟਿੰਗ ਹੋਈ ਜਿਸ ਵਿਚ ਪਿੰਡ ਜਿਉਂਦ ਵਿਚ 13 ਫ਼ਰਵਰੀ ਨੂੰ ਜ਼ਮੀਨੀ ਸੰਗਰਾਮ ਕਾਨਫਰੰਸ ਵਿਚ ਸ਼ਾਮਲ ਹੋਣ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਦੋਰਾਹਾ ਦੇ ਜਨਰਲ ਸਕੱਤਰ ਜਸਵੀਰ ਸਿੰਘ ਅਸਗਰੀਪੁਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟਾਂ ਨੂੰ ਦੇਣ ਲਈ ਨਿੱਤ ਨਵੀਆਂ ਯੋਜਨਾਵਾਂ ਬਣਾ ਰਹੀਆਂ ਹਨ। ਪਿੰਡ ਜਿਉਂਦ ਦੇ ਸੌ ਸਾਲ ਤੋਂ ਜ਼ਿਆਦਾ ਕਾਬਜ਼ ਮੁਜ਼ਾਰੇ ਕਿਸਾਨਾਂ ਨੂੰ ਸਰਕਾਰ ਜ਼ਮੀਨਾਂ ਵਿਚੋਂ ਬਾਹਰ ਕਰਨ ਦੇ ਰਾਹ ਤਿਆਰ ਕਰ ਰਹੀ ਹੈ ਤੇ ਉਹ ਜ਼ਮੀਨ ਮੁੜ ਜਗੀਰਦਾਰਾਂ ਨੂੰ ਦੇਣਾ ਚਾਹੁੰਦੀ ਹੈ। ਜੇ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਦੱਬਣ ਲਈ ਆਵੇਗੀ ਤਾਂ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਖੇਤੀ ਨੀਤੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਢਾਈ ਸਾਲ ਤੱਕ ਖੇਤੀ ਨੀਤੀ ਦਾ ਕੋਈ ਖਰੜਾ ਨਹੀਂ ਬਣਾਇਆ ਗਿਆ ਪਰ ਕਿਸਾਨਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਚੰਡੀਗੜ੍ਹ ਵਿਚ ਛੇ ਰੋਜ਼ੇ ਮੋਰਚਾ ਲਗਾ ਕੇ ਪੰਜਾਬ ਸਰਕਾਰ ਤੋਂ ਨਵੀਂ ਖੇਤੀ ਨੀਤੀ ਦਾ ਖਰੜਾ ਜਨਤਕ ਕਰਵਾਇਆ ਪਰ ਹੁਣ ਵੀ ਸਰਕਾਰ ਇਸ ਖਰੜੇ ਨੂੰ ਲਾਗੂ ਕਰਨ ਲਈ ਤਿਆਰ ਨਹੀਂ। ਮੀਟਿੰਗ ਵਿਚ ਹਰਜੀਤ ਸਿੰਘ ਘਲੋਟੀ, ਦਲਜੀਤ ਸਿੰਘ ਘੁਡਾਣੀ, ਪਰਮਜੀਤ ਸਿੰਘ,ਦਵਿੰਦਰ ਸਿੰਘ ਗਿੱਦੜੀ, ਸੁਖਦੇਵ ਸਿੰਘ ਭੱਠਲ ਆਦਿ ਮੌਜੂਦ ਸਨ।
