ਪੰਜਾਬ ਸਿਲੈਕਸ਼ਨ ਬੋਰਡ ਦੀਆਂ ਨੀਤੀਆਂ ਖ਼ਿਲਾਫ਼ ਧਰਨੇ ਦਾ ਐਲਾਨ

ਨੈਸ਼ਨਲ ਟਾਈਮਜ਼ ਬਿਊਰੋ :- ਸਰਕਾਰੀ ਨੌਕਰੀਆਂ ਲਈ ਪ੍ਰੀਖਆਵਾਂ ਲੈਣ ਵਾਲੀ ਸੰਸਥਾ ਪੀਐੱਸਐੱਸਐੱਸਬੀ (ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ) ਦੀ ਢਿਲੀ ਕਾਰਗੁਜ਼ਾਰੀ ਨੂੰ ਭੰਡਦਿਆਂ ਸਰਕਾਰੀ ਨੌਕਰੀਆਂ ਲਈ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਜੁਟੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਇਥੋਂ ਦੀ ਬਾਬਾ ਬੰਦਾ ਸਿੰਘ ਬਹਾਦਰ ਜ਼ਿਲ੍ਹਾ ਲਾਇਬਰੇਰੀ ਦੇ ਪਾਰਕ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਪੀਐੱਸਐੱਸਐੱਸਬੀ ਲਗਾਤਾਰ ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਖੱਜਲ-ਖੁਆਰ ਕਰ ਰਿਹਾ ਹੈ। ਆਗੂ ਨੇ ਕਿਹਾ ਕਿ ਬੋਰਡ ਵੱਲੋਂ ਵੱਖ ਵੱਖ ਅਸਾਮੀਆਂ ਲਈ ਵੱਖੋ-ਵੱਖਰੇ ਰੂਪ ਵਿੱਚ ਫੀਸਾਂ ਇਕਠੀਆਂ ਕੀਤੀਆਂ ਜਾਂਦੀਆਂ ਹਨ ਪਰ ਪ੍ਰੀਖਿਆਵਾਂ ਦਾ ਰਲੇਵਾਂ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਈ ਵਾਰ ਤਾਂ ਵਿਦਿਆਰਥੀਆਂ ਨੂੰ ਪਤਾ ਹੀ ਨਹੀਂ ਲਗਦਾ ਕਿ ਪ੍ਰੀਖਿਆ ਕਿਸ ਅਸਾਮੀ ਲਈ ਹੈ। ਉਸ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ। ਆਗੂ ਨੇ ਕਿਹਾ ਕਿ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦੀ ਅਸਾਮੀ ਲਈ ਰੱਖੀ ਗਈ ਪ੍ਰੀਖਿਆ ਨੂੰ ਕਈ ਵਾਰ ਮੁਲਤਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਸਹਾਇਕ, ਜੂਨੀਅਰ ਆਡੀਟਰ, ਲੀਗਲ ਕਲਰਕ, ਲੇਬਰ ਇੰਸਪੈਕਟਰ,ਕਲਰਕ ਅਤੇ ਜੇਲ੍ਹ ਵਾਰਡਨ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਨੂੰ ਉਮੀਦਵਾਰ ਉਡੀਕ ਰਹੇ ਹਨ। ਉਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਵਿਚ ਜੁਟੇ ਸਮੂਹ ਵਿਦਿਆਰਥੀਆਂ ਨੂੰ 13 ਦੇ ਮੁਹਾਲੀ ਧਰਨੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।

By nishuthapar1

Leave a Reply

Your email address will not be published. Required fields are marked *