ਪੰਜਾਬ ‘ਚ ਹੜ੍ਹ ਦੇ ਸਮੇਂ ਟ੍ਰੋਲ ਹੋਏ ਸੰਸਦ ਮੈਂਬਰ ਭੱਜੀ, ਸੋਸ਼ਲ ਮੀਡੀਆ ‘ਤੇ ਦਿੱਤਾ ਜਵਾਬ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ‘ਚ ਹੜ੍ਹਾਂ ਕਾਰਨ ਹਾਲਾਤ ਗੰਭੀਰ ਹਨ, ਪਰ ਇਸੇ ਵਿਚਾਲੇ ਸਾਬਕਾ ਕ੍ਰਿਕਟਰ ਅਤੇ ‘ਆਪ’ ਦੇ ਸੰਸਦ ਮੈਂਬਰ ਹਰਭਜਨ ਸਿੰਘ (ਭੱਜੀ) ਇੱਕ ਤਸਵੀਰ ਕਰਕੇ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਏ। ਜਿੱਥੇ ਲੋਕਾਂ ਨੇ ਉਨ੍ਹਾਂ ‘ਤੇ ਫਿਲਮ ਪ੍ਰਚਾਰ ‘ਚ ਰੁੱਝੇ ਹੋਣ ‘ਤੇ ਤੰਜ਼ ਕਸੇ ਹਨ। ਇਸ ਤੋਂ ਬਾਅਦ ਹੀ ਭੱਜੀ ਨੇ ਗੁੱਸੇ ਨਾਲ ਟ੍ਰੋਲਰਾਂ ਨੂੰ ਜਵਾਬ ਵੀ ਦਿੱਤਾ ਹੈ, ਜੋ ਇਸ ਵਕਤ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਦਰਅਸਲ ਗੱਲ ਉਸ ਵੇਲੇ ਗਰਮਾਈ ਜਦੋਂ ਉਨ੍ਹਾਂ ਨੇ ਆਪਣੀ ਪਤਨੀ ਗੀਤਾ ਬਸਰਾ, ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ‘ਚ ਫਿਲਮ ਮੇਹਰ ਦੀ ਟੀਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਖੜ੍ਹੀ ਦਿੱਖ ਰਹੀ ਸੀ।

ਇਸ ਤਸਵੀਰ ਤੋਂ ਬਾਅਦ ਕਈ ਲੋਕਾਂ ਨੇ ਹਰਭਜਨ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਕਿ ਜਦੋਂ ਪੰਜਾਬ ਪਾਣੀ ‘ਚ ਡੁੱਬ ਰਿਹਾ ਹੈ, ਉਹ ਫਿਲਮਾਂ ਦੇ ਪ੍ਰਚਾਰ ਵਿਚ ਰੁੱਝੇ ਹੋਏ ਹਨ। ਇਸ ’ਤੇ ਹਰਭਜਨ ਸਿੰਘ ਨੇ ਗੁੱਸੇ ਨਾਲ ਜਵਾਬ ਦਿੱਤਾ ਕਿ “ਜਾ ਓਏ… ਮੈਂ ਖੁਦ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿਚ ਗਿਆ ਹਾਂ, ਲੋਕਾਂ ਨੂੰ ਮਿਲਿਆ ਹਾਂ ਅਤੇ ਮੁੱਖ ਮੰਤਰੀ ਨੂੰ ਵੀ ਸਥਿਤੀ ਦੱਸੀ ਹੈ। ਉਹ ਵੀ ਉੱਥੇ ਪਹੁੰਚੇ ਹਨ।ਤੁਹਾਡੇ ਤਰ੍ਹਾਂ ਸਿਰਫ਼ ਘਰ ਬੈਠ ਕੇ ਫ਼ੋਨ ‘ਤੇ ਟਵੀਟ ਨਹੀਂ ਕੀਤਾ। ਤੇਰਾ ਪੰਜਾਬ ਜਾਂ ਦੇਸ਼ ਲਈ ਕੀ ਯੋਗਦਾਨ ਹੈ? ਸੋਸ਼ਲ ਮੀਡੀਆ ’ਤੇ ਭਾਸ਼ਣ ਦੇਣ ਨਾਲੋਂ ਚੰਗਾ ਹੈ ਕਿ ਜ਼ਿੰਦਗੀ ਵਿਚ ਕੁਝ ਬਿਹਤਰ ਕਰੋ।”

ਹਰਭਜਨ ਸਿੰਘ ਦੇ ਇਹ ਬੋਲ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਇਸ ਨਾਲ ਨਾਲ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿੱਥੇ ਉਹ ਹੜ੍ਹ-ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੇ ਨਜ਼ਰ ਆਏ। ਹਾਲਾਂਕਿ ਇਸ ਤੋਂ ਪਹਿਲਾਂ ਵੀ ਇਕ ਯੂਜ਼ਰ ਨੇ ਟਿੱਪਣੀ ਕੀਤੀ ਸੀ ਕਿ ਪੰਜਾਬ ਹੜ੍ਹਾਂ ਵਿਚ ਡੁੱਬ ਰਿਹਾ ਹੈ, ਪਰ ‘ਆਪ’ ਦੇ ਨੇਤਾ ਰਾਘਵ ਚੱਢਾ ਕਪਿਲ ਸ਼ਰਮਾ ਸ਼ੋਅ ’ਤੇ ਆਪਣੇ ਭਵਿੱਖ ਦੀ ਗੱਲ ਕਰ ਰਹੇ ਹਨ ਅਤੇ ਹਰਭਜਨ ਆਪਣੀ ਪਤਨੀ ਨਾਲ ਫਿਲਮ ਦਾ ਪ੍ਰਚਾਰ ਕਰ ਰਹੇ ਹਨ। ਇਸ ‘ਤੇ ਭੱਜੀ ਦੇ ਕੜੇ ਜਵਾਬ ਨੇ ਸੋਸ਼ਲ ਮੀਡੀਆ ‘ਤੇ ਨਵੀਂ ਚਰਚਾ ਛੇੜ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *