ਗੁਰਪ੍ਰੀਤ ਸਿੰਘ :- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਕੌਰ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਰਾਜਨੀਤੀ ਛੱਡਣ ਸਬੰਧੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਛੱਡਣ ਤੋਂ ਬਾਅਦ ਸੰਤਾਂ ਦੀ ਸੇਵਾ ਕਰਨ ਬਾਰੇ ਸੋਚ ਰਹੀ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਰਾਜਨੀਤਿਕ ਲੋਕ ਪਿੱਛੇ ਹਟ ਜਾਣ ਤਾਂ ਸੰਤ ਰਾਮਪਾਲ ਵਰਗੇ ਲੋਕ ਧਰਤੀ ਨੂੰ ਸੰਭਾਲ ਸਕਦੇ ਹਨ ਅਤੇ ਅੱਜਕੱਲ੍ਹ ਦੇ ਨੇਤਾ ਆਪਣੀ ਪਛਾਣ ਭੁੱਲ ਚੁੱਕੇ ਹਨ।
ਡਾ. ਨਵਜੋਤ ਕੌਰ ਦੋ ਦਿਨ ਪਹਿਲਾਂ ਫਤਿਹਗੜ੍ਹ ਸਾਹਿਬ ਸਥਿਤ ਸਤਲੋਕ ਆਸ਼ਰਮ ਗਈ ਸਨ। ਉੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਬ੍ਰੈਸਟ ਕੈਂਸਰ ਹੋਇਆ ਤਾਂ ਉਨ੍ਹਾਂ ਨੇ ਰੱਬ ਦਾ ਸ਼ੁਕਰ ਅਦਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਪਤੀ ਪਹਿਲਾਂ ਹੀ ਆਪਣੀ ਪੂਰਾ ਸਰੀਰ ਦਾਨ ਕਰ ਚੁੱਕੇ ਹਨ। ਬ੍ਰੈਸਟ ਦੀ ਕਿਸੇ ਨੂੰ ਲੋੜ ਨਹੀਂ ਹੁੰਦੀ, ਜੇਕਰ ਬਾਕੀ ਅੰਗ ਠੀਕ ਹਨ ਤਾਂ ਉਹ ਕਿਸੇ ਦੇ ਕੰਮ ਆ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੇ ਰਾਜੇ-ਮਹਾਰਾਜੇ ਆਪਣੇ ਨਾਲ ਧਾਰਮਿਕ ਵਿਦਵਾਨਾਂ ਨੂੰ ਰੱਖਦੇ ਸਨ ਜੋ ਉਨ੍ਹਾਂ ਨੂੰ ਸੱਚ ਦੇ ਰਸਤੇ ‘ਤੇ ਚਲਾਉਂਦੇ ਸਨ, ਪਰ ਅੱਜਕੱਲ੍ਹ ਜੋ ਵੀ ਕੁਰਸੀ ‘ਤੇ ਬੈਠਦਾ ਹੈ ਉਹ ਆਪਣੇ ਆਪ ਨੂੰ ਸਭ ਕੁਝ ਸਮਝਣ ਲੱਗ ਪੈਂਦਾ ਹੈ। ਉਨ੍ਹਾਂ ਮੁਤਾਬਕ ਅਸਲ ਕੁਰਸੀ ਸੰਤਾਂ ਕੋਲ ਹੈ।
ਜ਼ਿਕਰਯੋਗ ਹੈ ਕਿ ਜਿਸ ਸੰਤ ਰਾਮਪਾਲ ਦੇ ਆਸ਼ਰਮ ਵਿੱਚ ਉਹ ਗਈਆਂ, ਉਹ ਹਰਿਆਣਾ ਨਾਲ ਸੰਬੰਧਿਤ ਹਨ ਅਤੇ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ‘ਤੇ ਦੇਸ਼ਧ੍ਰੋਹ ਸਮੇਤ ਕਈ ਮਾਮਲੇ ਦਰਜ ਰਹੇ ਹਨ, ਹਾਲਾਂਕਿ ਕਈ ਕੇਸਾਂ ਵਿੱਚ ਉਹ ਬਰੀ ਵੀ ਹੋ ਚੁੱਕੇ ਹਨ।
ਪਾਰਟੀ ਵਿਰੋਧੀ ਬਿਆਨਾਂ ਕਾਰਨ ਡਾ. ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਵੱਲੋਂ ਪਹਿਲਾਂ ਸਸਪੈਂਡ ਅਤੇ ਬਾਅਦ ਵਿੱਚ ਪਾਰਟੀ ਤੋਂ ਬਾਹਰ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਉਹ ਭਾਜਪਾ ਨਾਲ ਨੇੜਤਾ ਵਧਾਉਂਦੀਆਂ ਨਜ਼ਰ ਆਈਆਂ ਹਨ। ਹਾਲਾਂਕਿ ਇਸ ਮਾਮਲੇ ‘ਤੇ ਨਵਜੋਤ ਸਿੰਘ ਸਿੱਧੂ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
