ਨਵੀਂ ਦਿੱਲੀ, ਰਾਜੀਵ ਸ਼ਰਮਾ :- ਦਿੱਲੀ ਸਰਕਾਰ ਵੱਲੋਂ ਗੁਰਦੁਆਰਿਆਂ ਦੇ ਨੇੜੇ ਸਥਿਤ ਮੈਟਰੋ ਸਟੇਸ਼ਨਾਂ ਦੇ ਨਾਮਾਂ ਵਿੱਚ ਕੀਤੇ ਗਏ ਬਦਲਾਵਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਸ ਮਾਮਲੇ ‘ਤੇ ਇਤਰਾਜ਼ ਜਤਾਇਆ ਹੈ ਅਤੇ ਕਿਹਾ ਹੈ ਕਿ ਗੁਰਦੁਆਰਿਆਂ ਦੇ ਨਾਮਾਂ ਨਾਲ ਯੋਗ ਸਤਿਕਾਰ ਨਹੀਂ ਕੀਤਾ ਗਿਆ।
ਕਮੇਟੀ ਦਾ ਕਹਿਣਾ ਹੈ ਕਿ ‘ਨਾਨਕ ਪਿਆਉ ਅਤੇ ਨਾਨਕ ਸਰ ਗੁਰਦੁਆਰਿਆਂ’ ਦੇ ਨੇੜੇ ਸਥਿਤ ਮੈਟਰੋ ਸਟੇਸ਼ਨਾਂ ਦੇ ਨਾਮਾਂ ਵਿੱਚ ਪੂਰਾ ਧਾਰਮਿਕ ਸਤਿਕਾਰ ਦਰਸਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਮੁਤਾਬਕ ਨਾਨਕ ਪਿਆਉ ਮੈਟਰੋ ਸਟੇਸ਼ਨ ਦਾ ਨਾਮ ਨਾਨਕ ਪਿਆਉ ਗੁਰਦੁਆਰਾ ਹੋਣਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ ਨਾਨਕ ਸਰ ਮੈਟਰੋ ਸਟੇਸ਼ਨ ਦਾ ਨਾਮ ਨਾਨਕ ਸਰ ਗੁਰਦੁਆਰਾ ਰੱਖਿਆ ਜਾਣਾ ਚਾਹੀਦਾ ਹੈ।
ਗੁਰਦੁਆਰਾ ਕਮੇਟੀ ਨੇ ਕਿਹਾ ਹੈ ਕਿ ਇਹ ਮਾਮਲਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਵਿੱਚ ਸੰਵੇਦਨਸ਼ੀਲਤਾ ਵਰਤੀ ਜਾਣੀ ਚਾਹੀਦੀ ਹੈ। ਜਾਣਕਾਰੀ ਮੁਤਾਬਕ ਕਮੇਟੀ ਦਾ ਇੱਕ ਵਫ਼ਦ ਜਲਦੀ ਹੀ ਇਸ ਮਾਮਲੇ ਸਬੰਧੀ ਦਿੱਲੀ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਕਰੇਗਾ ਅਤੇ ਆਪਣੀ ਮੰਗ ਰੱਖੇਗਾ।
ਦੱਸ ਦੇਈਏ ਕਿ ਦਿੱਲੀ ਵਿੱਚ ਮੈਟਰੋ ਸਟੇਸ਼ਨਾਂ ਦੇ ਨਾਮ ਗੁਰਦੁਆਰਿਆਂ ਦੇ ਨਾਮ ’ਤੇ ਰੱਖਣ ਦੀ ਮੰਗ ਇਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਸਾਬਕਾ ਰਾਜ ਸਭਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖ ਕੇ ਇਹ ਮੰਗ ਦੁਹਰਾਈ ਹੈ।
ਤਰਲੋਚਨ ਸਿੰਘ ਨੇ ਆਪਣੇ ਪੱਤਰ ਵਿੱਚ ਮੰਗ ਕੀਤੀ ਹੈ ਕਿ ਪਟੇਲ ਚੌਕ ਮੈਟਰੋ ਸਟੇਸ਼ਨ ਦਾ ਨਾਮ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਮ ’ਤੇ ਰੱਖਿਆ ਜਾਵੇ ਅਤੇ ਚਾਂਦਨੀ ਚੌਕ ਮੈਟਰੋ ਸਟੇਸ਼ਨ ਦਾ ਨਾਮ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਨਾਮ ’ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪਹਿਲਾਂ ਵੀ ਪੱਤਰ ਲਿਖ ਚੁੱਕੇ ਹਨ।
ਉਨ੍ਹਾਂ ਨੇ ਦੱਸਿਆ ਕਿ ਦਿੱਲੀ ਸਰਕਾਰ ਵੱਲੋਂ ਹਾਲ ਹੀ ਵਿੱਚ 9 ਮੈਟਰੋ ਸਟੇਸ਼ਨਾਂ ਦੇ ਨਾਮ ਬਦਲੇ ਗਏ ਹਨ। ਰਾਜ ਨਾਮ ਅਥਾਰਟੀ ਦੀ ਚੇਅਰਮੈਨ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਿੱਚ 21 ਪ੍ਰਸਤਾਵਿਤ ਨਾਮਾਂ ਦੀ ਸਮੀਖਿਆ ਕੀਤੀ ਗਈ ਸੀ। ਸਮੀਖਿਆ ਤੋਂ ਬਾਅਦ 7 ਸਟੇਸ਼ਨਾਂ ਦੇ ਨਾਮਾਂ ਵਿੱਚ ਸੋਧ ਕੀਤੀ ਗਈ ਅਤੇ 2 ਨਾਮ ਪੂਰੀ ਤਰ੍ਹਾਂ ਬਦਲੇ ਗਏ।
ਤਰਲੋਚਨ ਸਿੰਘ ਨੇ ਕਿਹਾ ਕਿ ਜਦੋਂ ਕਈ ਸਟੇਸ਼ਨਾਂ ਦੇ ਨਾਮ ਬਦਲੇ ਜਾ ਸਕਦੇ ਹਨ ਤਾਂ ਪਟੇਲ ਚੌਕ ਅਤੇ ਚਾਂਦਨੀ ਚੌਕ ਮੈਟਰੋ ਸਟੇਸ਼ਨਾਂ ਦੇ ਨਾਮ ਵੀ ਗੁਰਦੁਆਰਿਆਂ ਦੇ ਨਾਮ ’ਤੇ ਰੱਖੇ ਜਾਣੇ ਚਾਹੀਦੇ ਸਨ। ਉਨ੍ਹਾਂ ਦਲੀਲ ਦਿੱਤੀ ਕਿ ਰੋਜ਼ਾਨਾ ਲੱਖਾਂ ਸ਼ਰਧਾਲੂ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਵਿੱਚ ਦਰਸ਼ਨ ਕਰਨ ਆਉਂਦੇ ਹਨ, ਇਸ ਲਈ ਮੈਟਰੋ ਸਟੇਸ਼ਨਾਂ ਦੇ ਨਾਮ ਵੀ ਧਾਰਮਿਕ ਸਥਾਨਾਂ ਨਾਲ ਜੋੜੇ ਜਾਣ ਚਾਹੀਦੇ ਹਨ।
