ਹੁਣ ਪੱਤਰਕਾਰ ਕਰ ਸਕਣਗੇ ਬਿਕਰਮ ਮਜੀਠੀਆ ਮਾਮਲੇ ਦੀ ਕਵਰੇਜ

ਨੈਸ਼ਨਲ ਟਾਈਮਜ਼ ਬਿਊਰੋ :- ਬਾਦਲ ਸਰਕਾਰ ਵਿੱਚ ਪੰਜਾਬ ਸਰਕਾਰ ਦੇ ਵਜ਼ੀਰ ਰਹੇ ਬਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਹਨ‌। ਉਨ੍ਹਾਂ ਉਤੇ ਪੁਲਿਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦਾ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਮੋਹਾਲੀ ਕੋਰਟ ਵਿੱਚ ਉਨ੍ਹਾਂ ਦੀ ਪੇਸ਼ੀ ਪੈਂਦੀ ਹੈ। ਤਕਰੀਬਨ 6 ਮਹੀਨੇ ਪਹਿਲਾਂ ਪੁਲਿਸ ਵੱਲੋਂ ਮੀਡੀਆ ਨੂੰ ਉਨ੍ਹਾਂ ਦੀ ਪੇਸ਼ੀ ਦੀ ਕਵਰੇਜ ਸੰਬੰਧੀ ਰੋਕ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਐਕਟਿਵ ਜਰਨਲਿਸਟ ਯੂਨੀਅਨ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਤੱਗੜ ਵੱਲੋਂ ਇੱਕ ਪਟੀਸ਼ਨ ਅਦਾਲਤ ਵਿੱਚ ਦਾਇਰ ਕੀਤੀ ਗਈ ਸੀ।

ਮੋਹਾਲੀ ਦੀ ਅਦਾਲਤ ਵੱਲੋਂ ਇਸ ਸੰਬੰਧੀ ਪੱਤਰਕਾਰ ਤੱਗੜ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਹੈ ਤੇ ਉਨ੍ਹਾਂ ਨੇ ਕਿਹਾ ਹੈ ਕਿ ਪੱਤਰਕਾਰ ਹੁਣ ਬਿਕਰਮ ਮਜੀਠੀਆ ਦੀ ਜਦੋਂ ਮੋਹਾਲੀ ਅਦਾਲਤ ਚ ਪੇਸ਼ੀ ਹੋਏਗੀ ਕਵਰੇਜ ਕਰ ਸਕਣਗੇ। ਇਸ ਕੇਸ ਦੀ ਪੈਰਵੀ ਯੂਨੀਅਨ ਦੇ ਨਾਲ ਵਕੀਲ ਦਮਨਦੀਪ ਸਿੰਘ ਤੇ ਅਮਨ ਇੰਦਰ ਸਿੰਘ ਸੇਖੋਂ ਨੇ ਕੀਤੀ। ‌ਉਨ੍ਹਾਂ ਨੇ ਦੱਸਿਆ ਕਿ ਸਾਡਾ ਦੇਸ਼ ਦਾ ਸੰਵਿਧਾਨ ਸਵਤੰਤਰਤਾ ਦੀ ਆਜ਼ਾਦੀ ਦਿੰਦਾ ਹੈ ਜਿਸ ਨੂੰ ਆਧਾਰ ਬਣਾ ਕੇ ਉਨ੍ਹਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਮੋਹਾਲੀ ਅਦਾਲਤ ਨੇ ਇਸ ਸਬੰਧੀ ਫੈਸਲਾ ਸੁਣਾਇਆ ਹੈ।

ਅਦਾਲਤ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸੁਣਵਾਈ ਦੌਰਾਨ ਅਦਾਲਤ ਵਿੱਚ ਵੀਡੀਓ ਕੈਮਰਾ ਆਦਿ ਲਿਜਾਣਾ ਮਨਾ ਰਹੇਗਾ ਪਰ ਪੱਤਰਕਾਰ ਬੈਠ ਕੇ ਇਸ ਮਾਮਲੇ ਦੀ ਪੂਰੀ ਸੁਣਵਾਈ ਸੁਣ ਸਕਦੇ ਹਨ। ਯੂਨੀਅਨ ਦੇ ਉੱਪ ਪ੍ਰਧਾਨ ਬਲਜੀਤ ਸਿੰਘ ਮਰਵਾਹਾ ਤੇ ਜਨਰਲ ਸਕੱਤਰ ਕਿਰਨਦੀਪ ਕੌਰ ਔਲਖ ਨੇ ਕਿਹਾ ਕਿ ਅਜਿਹਾ ਫੈਸਲਾ ਆਉਣ ਨਾਲ ਕਿਤੇ ਨਾ ਕਿਤੇ ਜੋ ਕੁੱਝ ਸਮੇਂ ਤੋਂ ਪੱਤਰਕਾਰਾਂ ਦੇ ਹੱਕਾਂ ਦਾ ਹਨਨ ਹੋ ਰਿਹਾ ਹੈ ਉਹਨਾਂ ਨੂੰ ਰੋਕਣ ਦੇ ਵਿੱਚ ਇਹ ਸਹਾਈ ਹੋਵੇਗਾ ।ਕਿਉਂਕਿ ਪੱਤਰਕਾਰਾਂ ਨੇ ਸਮਾਜ ਦੇ ਵਿੱਚ ਜੋ ਵੀ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਨੂੰ ਸੁਣ ਕੇ ,ਦੇਖ ਕੇ ਲਿਖਣਾ ਹੁੰਦਾ ਹੈ ਤੇ ਜੇ ਉਨ੍ਹਾਂ ਨੂੰ ਇਸ ਤਰ੍ਹਾਂ ਰੋਕਿਆ ਜਾਵੇਗਾ ਤਾਂ ਫਿਰ ਕਿਤੇ ਨਾ ਕਿਤੇ ਇਹ ਸਮਾਜ ਦੇ ਹਿੱਤ ਵਿੱਚ ਨਹੀਂ ਹੈ।

By Gurpreet Singh

Leave a Reply

Your email address will not be published. Required fields are marked *