ਨੈਸ਼ਨਲ ਟਾਈਮਜ਼ ਬਿਊਰੋ :- ਅਕਸਰ ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਵਿਰਸੇ ਤੋਂ ਦੂਰ ਹੋ ਜਾਂਦੀ ਹੈ ਅਤੇ ਕਈ ਵਾਰ ਆਪਣੇ ਪਿੰਡ ਜਾਂ ਸ਼ਹਿਰ ਵਾਪਸ ਵੀ ਨਹੀਂ ਆਉਂਦੀ। ਪਰ ਨਾਭਾ ਬਲਾਕ ਦੇ ਪਿੰਡ ਕਨਸੂਹਾ ਖੁਰਦ ਦੇ ਐਨਆਰਆਈ ਗੁਰਨਾਮ ਸਿੰਘ ਨੇ ਇਹ ਧਾਰਣਾ ਤੋੜ ਦਿੱਤੀ ਹੈ। ਪਿਛਲੇ 23 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਗੁਰਨਾਮ ਸਿੰਘ ਨੇ ਆਪਣੇ ਪਿੰਡ ਅਤੇ ਵਿਰਸੇ ਨੂੰ ਕਦੇ ਵੀ ਨਹੀਂ ਭੁੱਲਿਆ ਅਤੇ ਹਰ ਸਾਲ ਪਿੰਡ ਆ ਕੇ ਵਿਕਾਸ ਲਈ ਵੱਡੇ ਯੋਗਦਾਨ ਪਾਉਂਦੇ ਹਨ।
ਗੁਰਨਾਮ ਸਿੰਘ ਨੇ ਲੱਖਾਂ ਰੁਪਏ ਖਰਚ ਕਰਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਪਿੰਡ ਦੇ ਚਾਰੋਂ ਪਾਸੇ ਪਾਮ ਅਤੇ ਖਜੂਰਾਂ ਦੇ ਦਰਖ਼ਤ ਲਗਾਏ ਗਏ ਹਨ, ਸਟਰੀਟ ਲਾਈਟਾਂ ਨਾਲ ਪਿੰਡ ਨੂੰ ਰੌਸ਼ਨ ਕੀਤਾ ਗਿਆ ਹੈ ਅਤੇ ਸੀਸੀਟੀਵੀ ਕੈਮਰੇ ਲਗਾ ਕੇ ਸੁਰੱਖਿਆ ਪ੍ਰਣਾਲੀ ਮਜ਼ਬੂਤ ਕੀਤੀ ਗਈ ਹੈ। ਪਿੰਡ ਦੀਆਂ ਦੀਵਾਰਾਂ ਅਤੇ ਖੰਭਿਆਂ ’ਤੇ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਵਾਲੇ ਸਲੋਗਨ ਵੀ ਉਕੇਰੇ ਗਏ ਹਨ।
ਪਿੰਡ ਦੇ ਸਰਪੰਚ ਸਤਨਾਮ ਸਿੰਘ ਸੱਤੀ ਅਤੇ ਵਾਸੀਆਂ ਦਾ ਕਹਿਣਾ ਹੈ ਕਿ ਗੁਰਨਾਮ ਸਿੰਘ ਦੇ ਯੋਗਦਾਨ ਨਾਲ ਪਿੰਡ ਦੀ ਸ਼ਕਲ-ਸੂਰਤ ਸ਼ਹਿਰਾਂ ਨਾਲ ਟੱਕਰ ਲੈ ਰਹੀ ਹੈ। ਜੋ ਸਕੂਲ ਪਹਿਲਾਂ ਖ਼ਰਾਬ ਹਾਲਤ ਵਿੱਚ ਸੀ, ਜਿੱਥੇ ਵੱਡਾ ਟੋਬਾ ਹੋਣ ਕਾਰਨ ਬੱਚੇ ਪੜ੍ਹਨ ਨਹੀਂ ਆਉਂਦੇ ਸਨ, ਉਸਦੀ ਵੀ ਨਵੀਨੀਕਰਨ ਕਰਕੇ ਸੁੰਦਰ ਬਣਾਇਆ ਗਿਆ ਹੈ।
ਪਿੰਡ ਦੇ ਵਾਸੀਆਂ ਨੇ ਗੁਰਨਾਮ ਸਿੰਘ ਸਮੇਤ ਹੋਰ ਐਨਆਰਆਈਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਆਪਣੇ ਵਿਰਸੇ ਨੂੰ ਯਾਦ ਰੱਖਦਿਆਂ ਵਿਕਾਸ ਕਾਰਜਾਂ ਲਈ ਖੁੱਲ੍ਹ ਕੇ ਖਰਚ ਕੀਤਾ ਅਤੇ ਪਿੰਡ ਨੂੰ ਨਵੀਂ ਪਹਿਚਾਣ ਦਿੱਤੀ।
