ਚੋਗਾਵਾਂ : ਪੁਲਸ ਥਾਣਾ ਲੋਪੋਕੇ ਅਧੀਨ ਆਉਦੇਂ ਪਿੰਡ ਬੋਪਾਰਾਏ ਖ਼ੁਰਦ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ 2 ਧਿਰਾਂ ਵਿਚਕਾਰ ਦੀਵਾਲੀ ਦੀ ਰਾਤ ਨੂੰ ਹੋਏ ਝਗੜੇ ਵਿਚ ਇਕ ਵਿਅਕਤੀ ਦੀ ਮੌਤ ਅਤੇ 4 ਵਿਅਕਤੀ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਬੇਟੇ ਜਸਬੀਰ ਸਿੰਘ ਵਾਸੀ ਪਿੰਡ ਬੋਪਾਰਾਏ ਖੁਰਦ ਨੇ ਦੱਸਿਆ ਕਿ ਰਣਜੀਤ ਸਿੰਘ, ਰਸ਼ਪਾਲ ਸਿੰਘ, ਪੁਤਰਾਨ ਕੁਲਦੀਪ ਸਿੰਘ ਅਜਮੇਰ ਸਿੰਘ ਪੁੱਤਰ ਕਸ਼ਮੀਰ ਸਿੰਘ, ਗੁਰਤਾਜ ਸਿੰਘ, ਕਸ਼ਮੀਰ ਸਿੰਘ, ਅਜੀਤ ਸਿੰਘ, ਕਸ਼ਮੀਰ ਸਿੰਘ ਪੁੱਤਰ ਗੁਲਜ਼ਾਰ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਲਾਲੀ, ਗੁਰਕਮਲ ਸਿੰਘ, ਬਿਕਰਮਜੀਤ ਸਿੰਘ ਸਾਰੇ ਵਾਸੀ ਪਿੰਡ ਬੋਪਾਰਾਏ ਖੁਰਦ ਨੇ ਸਾਡੇ ਨਾਲ 4 ਮਹੀਨੇ ਪਹਿਲਾਂ ਵੀ ਝਗੜਾ ਕੀਤਾ ਸੀ ਇਸੇ ਰੰਜਸ਼ ਨੂੰ ਲੈ ਕੇ ਬੀਤੀ ਰਾਤ ਦੀਵਾਲੀ ਹੋਣ ਕਰਕੇ ਕੁੱਝ ਨੌਜਵਾਨਾਂ ਨੇ ਸਾਡੀ ਚੱਕੀ ਦੇ ਸਾਹਮਣੇ ਪਟਾਕੇ ਚਲਾ ਰਹੇ ਸਨ ਜਿਨ੍ਹਾਂ ਦੀ ਆਵਾਜ਼ ਸੁਣ ਕੇ ਉਕਤ ਵਿਅਕਤੀ ਜੋ ਕਿ ਪਹਿਲਾ ਤੋਂ ਝਗੜਾ ਕਰਨ ਲਈ ਹਥਿਆਰਾਂ ਨਾਲ ਲੈਸ ਹੋ ਕੇ ਬੈਠੇ ਸਨ ਆਪਣੇ ਘਰ ਤੋਂ ਬਾਹਰ ਆਏ ਅਤੇ ਸਾਡੇ ਨਾਲ ਝਗੜਾਂ ਕਰਨ ਲੱਗੇ।
ਇਸ ਦੌਰਾਨ ਜਦੋਂ ਇਨ੍ਹਾਂ ਨੂੰ ਸਮਝਾਉਣ ਲਈ ਮੇਰੇ ਪਿਤਾ ਹਰੀ ਸਿੰਘ (65ਸਾਲ) ਅੱਗੇ ਆਏ ਤਾਂ ਉਕਤ ਦੋਸ਼ੀਆਂ ਨੇ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰ ਦਾ ਭਰਵਾਂ ਵਾਰ ਉਨ੍ਹਾਂ ਦੇ ਸਿਰ ਵਿਚ ਕੀਤਾ ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਏ ਹਰਜਿੰਦਰ ਸਿੰਘ, ਸਤਵੰਤ ਸਿੰਘ, ਲਖਬੀਰ ਸਿੰਘ, ਹਰਪ੍ਰੀਤ ਸਿੰਘ ਹੈਪੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜੋ ਕਿ ਇਸ ਵੇਲੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਜੇਰੇ ਇਲਾਜ ਹਨ।
ਇਸ ਮੌਕੇ ਪੀੜਤ ਪਰਿਵਾਰ ਅਤੇ ਸਾਬਕਾ ਸਰਪੰਚ ਕੇਵਲ ਸਿੰਘ ਬੋਪਾਰਾਏ ਨੇ ਪੁਲਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਥਾਣਾ ਲੋਪੋਕੇ ਦੇ ਐੱਸ.ਐੱਚ.ਓ ਸਤਪਾਲ ਸਿੰਘ ਨੇ ਦੱਸਿਆ ਕਿ 11 ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਗਾਤਾਰ ਜਾਰੀ ਹੈ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
