ਅਪਰੇਸ਼ਨ ਸਿੰਧੂਰ ਅਤਿਵਾਦ ਖ਼ਿਲਾਫ਼ ਭਾਰਤ ਦੀ ਸਭ ਤੋਂ ਵੱਡੀ ਕਾਰਵਾਈ: ਰਾਜਨਾਥ

ਨੈਸ਼ਨਲ ਟਾਈਮਜ਼ ਬਿਊਰੋ :- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ’ਚ ਚਲਾਇਆ ਗਿਆ ‘ਅਪਰੇਸ਼ਨ ਸਿੰਧੂਰ’ ਭਾਰਤ ਦੇ ਇਤਿਹਾਸ ’ਚ ਅਤਿਵਾਦ ਖ਼ਿਲਾਫ਼ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਸੀ। ਉਨ੍ਹਾਂ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲਾ ਨਾ ਸਿਰਫ਼ ਭਾਰਤ ਦੇ ਲੋਕਾਂ ’ਤੇ ਸਗੋਂ ਦੇਸ਼ ਦੀ ਸਮਾਜਿਕ ਏਕਤਾ ’ਤੇ ਵੀ ਹਮਲਾ ਸੀ।

ਦੇਹਰਾਦੂਨ ’ਚ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਅਤਿਵਾਦੀਆਂ ਨੇ ਪਹਿਲਗਾਮ ’ਚ ਲੋਕਾਂ ਤੋਂ ਉਨ੍ਹਾਂ ਦਾ ਧਰਮ ਪੁੱਛ ਕੇ ਉਨ੍ਹਾਂ ਦੀ ਹੱਤਿਆ ਕੀਤੀ ਸੀ ਪਰ ‘ਅਸੀਂ ਉਨ੍ਹਾਂ ਦਾ ਧਰਮ ਨਹੀਂ ਪੁੱਛਿਆ ਸਗੋਂ ਉਨ੍ਹਾਂ ਦਾ ਕਰਮ ਦੇਖ ਕੇ ਜਵਾਬ ਦਿੱਤਾ।’ ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਕੌਮੀ ਸੁਰੱਖਿਆ ਘੇਰੇ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ, ‘ਕੌਮੀ ਸੁਰੱਖਿਆ ਨਾਲ ਜੁੜੇ ਹਰ ਮਾਮਲੇ ’ਚ ਅਸੀਂ ਸਰਕਾਰ ਦੇ ਰਵੱਈਏ ਤੇ ਕੰਮ ਕਰਨ ਦੇ ਢੰਗ ਦੋਵਾਂ ਨੂੰ ਬਦਲਿਆ ਹੈ। ਹਾਲ ਹੀ ਵਿੱਚ ਅਪਰੇਸ਼ਨ ਸਿੰਧੂਰ ਦੌਰਾਨ ਦੁਨੀਆ ਨੇ ਇਹ ਤਬਦੀਲੀ ਦੇਖੀ ਹੈ।’ ਉਨ੍ਹਾਂ ਕਿਹਾ, ‘ਇਹ (ਅਪਰੇਸ਼ਨ ਸਿੰਧੂਰ) ਭਾਰਤੀ ਇਤਿਹਾਸ ’ਚ ਅਤਿਵਾਦ ਖ਼ਿਲਾਫ਼ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਸੀ ਤੇ ਮੈਂ ਇਹ ਦ੍ਰਿੜ੍ਹਤਾ ਨਾਲ ਕਹਿ ਸਕਦਾ ਹਾਂ।’ ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਐਕਸ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 11 ਸਾਲਾਂ ਦੌਰਾਨ ਭਾਰਤ ਦਾ ਰੱਖਿਆ ਖੇਤਰ ਵੱਡੇ ਪੱਧਰ ’ਤੇ ਦਰਾਮਦ ਆਧਾਰਿਤ ਮਾਡਲ ਤੋਂ ਭਰੋਸੇਯੋਗ ਆਲਮੀ ਬਰਾਮਦਕਾਰ ਦੇ ਰੂਪ ’ਚ ਤਬਦੀਲ ਹੋ ਗਿਆ ਹੈ। 

By Rajeev Sharma

Leave a Reply

Your email address will not be published. Required fields are marked *