ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਪਿੰਡਾਂ ਵਿੱਚ ਅਫ਼ੀਮ ਵਰਗੇ ਨਸ਼ਿਆਂ ਦੀ ਵਰਤੋਂ ਕੋਈ ਨਵੀਂ ਤੇ ਵੱਡੀ ਗੱਲ ਨਹੀਂ। ਕਈ ਥਾਵਾਂ ’ਤੇ ਇਹ ਗੱਲ ਆਮ ਤੌਰ ’ਤੇ ਸੁਣਨ ਨੂੰ ਮਿਲਦੀ ਹੈ ਕਿ “ਮੁਗਲਾਂ ਦੇ ਸਮਿਆਂ ਤੋਂ ਲੈ ਕੇ ਅੱਜ ਤੱਕ ਅਸੀਂ ਅਫ਼ੀਮ ਵਰਤਦੇ ਆ ਰਹੇ ਹਾਂ।” ਇਹ ਲਫ਼ਜ਼ ਆਪਣੇ-ਅੰਦਰ ਇੱਕ ਇਤਿਹਾਸਕ ਹਵਾਲਾ ਲੁਕਾਈ ਬੈਠੇ ਹਨ, ਪਰ ਇਨ੍ਹਾਂ ਲਫ਼ਜ਼ਾਂ ਦੇ ਆੜ ਵਿੱਚ ਅੱਜ ਦੀ ਹਕੀਕਤ ਵੱਡੇ ਚੁੱਪ ਵਿਚ ਖੜੀ ਹੈ,
ਜਿਥੇ ਨਸ਼ਾ ਆਦਤ ਨਹੀਂ, ਪਰੰਪਰਾ ਬਣ ਚੁੱਕਾ ਹੈ।
ਅਫ਼ੀਮ ਦੀ ਵਰਤੋਂ ਕਈ ਘਰਾਂ ਵਿੱਚ ਅਜੇ ਵੀ ਰੋਜ਼ਾਨਾ ਦੀ ਰੀਤ ਹੈ। ਇਹ ਸਿਰਫ਼ ਉਮਰਦਾਰ ਲੋਕਾਂ ਦੀ ਹੀ ਚੀਜ਼ ਨਹੀਂ ਰਹੀ, ਬਲਕਿ ਨੌਜਵਾਨ ਵੀ ਇਸ ਰਸਤੇ ਉੱਤੇ ਪੈ ਰਹੇ ਹਨ। ਜਿੱਥੇ ਪਹਿਲਾਂ ਇਹ ਥਕਾਵਟ ਦੂਰ ਕਰਨ ਜਾਂ ਦਰਦ ਘਟਾਉਣ ਦਾ ਸਾਧਨ ਸੀ, ਹੁਣ ਇਹ ਆਤਮਕ ਤਲਾਸ਼ ਦੀ ਥਾਂ ਮਾਨਸਿਕ ਨਸ਼ਾ ਬਣ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਕਿ ਕਈ ਪਰਿਵਾਰਾਂ ਵਿੱਚ ਅਜੇ ਵੀ ਇਸਨੂੰ ‘ਰਿਵਾਇਤ’ ਮੰਨ ਕੇ ਚੁੱਪੀ ਸਾਧ ਲਈ ਜਾਂਦੀ ਹੈ।
ਇਹ ਸਮੱਸਿਆ ਸਿਰਫ਼ ਨਸ਼ੇ ਦੀ ਨਹੀਂ, ਸਗੋਂ ਇੱਕ ਸੋਚ ਦੀ ਵੀ ਹੈ,ਜਿੱਥੇ ਕਿਸੇ ਪੁਰਾਣੀ ਆਦਤ ਨੂੰ ਠੀਕ ਜਾਂ ਜਾਇਜ਼ ਮੰਨ ਲਿਆ ਗਿਆ ਹੈ। ਨਸ਼ੇ ਦੀ ਇਹ ਰੀਤ ਸਦੀਆਂ ਤੋਂ ਚੱਲ ਰਹੀ ਹੋ ਸਕਦੀ ਹੈ, ਪਰ ਅੱਜ ਦੇ ਸਮੇਂ ਵਿੱਚ ਜਦ ਨਵੀਂ ਪੀੜ੍ਹੀ ਨਸ਼ੇ ਦੀ ਚਪੇਟ ਵਿੱਚ ਆ ਰਹੀ ਹੋਵੇ, ਤਾਂ ਇਹ “ਪੁਰਾਣੀ ਰੀਤ” ਇਕ ਖ਼ਤਰਨਾਕ ਲਤ ਬਣ ਜਾਂਦੀ ਹੈ।
ਅਫ਼ਸੋਸ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਗੱਲਾਂ ਉੱਤੇ ਨਾ ਤਾਂ ਪਰਿਵਾਰ ਵਿਚ ਕੋਈ ਖੁੱਲ੍ਹੀ ਚਰਚਾ ਹੁੰਦੀ ਹੈ, ਨਾ ਹੀ ਪਿੰਡ ਪੱਧਰ ‘ਤੇ ਕਿਸੇ ਰੋਕਥਾਮ ਦੀ ਗੱਲ। ਨਸ਼ਾ ਜਿਵੇਂ ਸਮਾਜਿਕ ਤੌਰ ਤੇ ਸਵੀਕਾਰਿਆ ਗਿਆ ਹੋਵੇ, ਜਿਸ ਉੱਤੇ ਕੋਈ ਉਂਗਲ ਚੁੱਕਣਾ ਵੀ ਬਦਤਮੀਜ਼ੀ ਸਮਝੀ ਜਾਂਦੀ ਹੋਵੇ।
ਪੰਜਾਬ ਅੱਜ ਵੀ ਨਸ਼ਿਆਂ ਨਾਲ ਲੜ ਰਿਹਾ ਹੈ। ਇਹ ਸੂਬਾ ਨੌਜਵਾਨੀ, ਖੇਤੀ ਅਤੇ ਸੱਭਿਆਚਾਰ ਲਈ ਜਾਣਿਆ ਜਾਂਦਾ ਸੀ, ਪਰ ਅਫ਼ੀਮ ਵਰਗੇ ਨਸ਼ੇ ਅੱਜ ਵੀ ਇਸ ਦੀ ਜੜਾਂ ਨੂੰ ਹਿਲਾ ਰਹੇ ਹਨ। ਜੇ ਅਸੀਂ ਅਜੇ ਵੀ “ਇਹ ਤਾਂ ਸਦੀਓਂ ਤੋਂ ਚੱਲ ਰਿਹਾ ਹੈ” ਕਹਿ ਕੇ ਚੁੱਪ ਰਹੇ, ਤਾਂ ਆਉਣ ਵਾਲੀ ਪੀੜ੍ਹੀ ਲਈ ਅਸੀਂ ਕੋਈ ਵਿਰਾਸਤ ਨਹੀਂ, ਸਿਰਫ਼ ਲਾਹਨਤ ਛੱਡ ਰਹੇ ਹੋਵਾਂਗੇ।
ਇਸ “ਰਿਵਾਇਤ” ਨੂੰ ਰੋਕਣ ਲਈ ਸਿਰਫ਼ ਕਾਨੂੰਨੀ ਪਾਬੰਦੀ ਨਹੀਂ, ਸਗੋਂ ਸਮਾਜਿਕ ਜਾਗਰੂਕਤਾ, ਪਰਿਵਾਰਕ ਹੌਂਸਲਾ ਅਤੇ ਸੱਚ ਦਾ ਸਾਹਮਣਾ ਕਰਨਾ ਲਾਜ਼ਮੀ ਹੈ। ਨਹੀਂ ਤਾਂ ਇਹ ਲਤ, ਲਤ ਰਹਿ ਕੇ ਨਹੀਂ ਰਹੇਗੀ—ਇਹ ਸਾਡੀ ਆਉਣ ਵਾਲੀ ਪੀੜ੍ਹੀ ਦੀ ਤਕਦੀਰ ਬਣ ਜਾਵੇਗੀ।
