PACL ਘੁਟਾਲਾ ਮਾਮਲਾ: ਦੇਸ਼ ਦੇ ਸਭ ਤੋਂ ਵੱਡੇ ਘੁਟਾਲੇ ਦਾ ਮਾਸਟਰਮਾਈਂਡ ਗੁਰਨਾਮ ਰੋਪੜ ਤੋਂ ਯੂ.ਪੀ. ਪੁਲਿਸ ਨੇ ਗਿਰਫ਼ਤਾਰ ਕੀਤਾ

ਨੈਸ਼ਨਲ ਟਾਈਮਜ਼ ਬਿਊਰੋ :- PACL (Perls Agrotech Corporation Limited) ਕੰਪਨੀ ਦੇ ਮਾਲਕ ਅਤੇ ਹਜ਼ਾਰਾਂ ਨਿਵੇਸ਼ਕਾਂ ਨਾਲ ਕ੍ਰੋੜਾਂ ਦੀ ਠੱਗੀ ਕਰਨ ਦੇ ਮੁਲਜ਼ਮ ਗੁਰਨਾਮ ਸਿੰਘ ਨੂੰ ਯੂ.ਪੀ. ਦੀ ਆਰਥਿਕ ਅਪਰਾਧ ਸ਼ਾਖਾ (EOW) ਵੱਲੋਂ ਗਿਰਫ਼ਤਾਰ ਕਰ ਲਿਆ ਗਿਆ ਹੈ। ਇਹ ਗਿਰਫ਼ਤਾਰੀ ਸਾਲਾਂ ਤੋਂ ਧੱਕੇ ਖਾ ਰਹੇ ਨਿਵੇਸ਼ਕਾਂ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ, ਗੁਰਨਾਮ ਸਿੰਘ ਨੇ ਆਪਣੀ ਕੰਪਨੀ PACL ਰਾਹੀਂ ਲੋਕਾਂ ਨੂੰ ਛੋਟੀ ਮਿਆਦ ‘ਚ ਵੱਡੇ ਮੁਨਾਫੇ ਦੇ ਸੁਪਨੇ ਦਿਖਾ ਕੇ ਭਾਰੀ ਰਕਮ ਇਨਵੈਸਟ ਕਰਵਾਈ। ਲੋਕਾਂ ਨੂੰ ਕਿਹਾ ਗਿਆ ਕਿ ਉਹਨਾਂ ਦੀ ਰਕਮ ਕਈ ਗੁਣਾ ਵੱਧ ਕੇ ਵਾਪਸ ਮਿਲੇਗੀ। ਪਰ ਕੁਝ ਸਮੇਂ ਬਾਅਦ ਕੰਪਨੀ ਨੇ ਦੇਸ਼ ਭਰ ਦੇ ਦਫ਼ਤਰ ਬੰਦ ਕਰ ਦਿੱਤੇ ਅਤੇ ਗੁਰਨਾਮ ਸਿੰਘ ਸਮੇਤ ਹੋਰ ਮੁੱਖ ਦੋਸ਼ੀ ਫਰਾਰ ਹੋ ਗਏ।

EOW ਦੀ ਜਾਂਚ ‘ਚ ਖੁਲਾਸਾ ਹੋਇਆ ਹੈ ਕਿ PACL ਨੇ ਉੱਤਰ ਪ੍ਰਦੇਸ਼ ਤੋਂ ਇਲਾਵਾ ਅੱਸਾਮ, ਪੰਜਾਬ, ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਕੇਰਲ, ਬਿਹਾਰ ਤੇ ਛੱਤੀਸਗੜ੍ਹ ਵਰਗੇ ਸੂਬਿਆਂ ‘ਚ ਵੀ ਆਪਣੀਆਂ ਸ਼ਾਖਾਵਾਂ ਖੋਲ੍ਹੀਆਂ ਹੋਈਆਂ ਸਨ। ਇਨ੍ਹਾਂ ਸੂਬਿਆਂ ‘ਚ ਹਜ਼ਾਰਾਂ ਲੋਕਾਂ ਨਾਲ ਲਗਭਗ ₹49,000 ਕਰੋੜ ਦੀ ਠੱਗੀ ਹੋਈ। ਲੋਕਾਂ ਨੂੰ ਖੇਤੀਬਾੜੀ ਜ਼ਮੀਨ ਦੇਣ ਦੇ ਨਾਂ ‘ਤੇ ਵੀ ਧੋਖਾਧੜੀ ਕੀਤੀ ਗਈ।

ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਜਾਲਉਨ ਜ਼ਿਲ੍ਹੇ ‘ਚ ਦਰਜ ਹੋਇਆ ਸੀ, ਜਿਸ ਤੋਂ ਬਾਅਦ ਜਾਂਚ CBI ਤੱਕ ਪੁੱਜੀ। CBI ਹੁਣ ਤੱਕ 10 ਨਾਂਜਦ ਦੋਸ਼ੀਆਂ ‘ਚੋਂ ਚਾਰ ਨੂੰ ਗ੍ਰਿਫ਼ਤਾਰ ਕਰਕੇ ਤਿਹਾਡ਼ ਜੇਲ੍ਹ ਭੇਜ ਚੁੱਕੀ ਹੈ। ਹੁਣ ਗੁਰਨਾਮ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਿਵੇਸ਼ਕਾਂ ਦੀਆਂ ਉਮੀਦਾਂ ਵਧੀਆਂ ਹਨ। EOW ਅਤੇ ਹੋਰ ਜਾਂਚ ਏਜੰਸੀਆਂ ਹੁਣ PACL ਦੀ ਠੱਗੀ ਦੀ ਜੜ੍ਹ ਤੱਕ ਪਹੁੰਚਣ ਵਿੱਚ ਜੁਟੀਆਂ ਹੋਈਆਂ ਹਨ।

By Gurpreet Singh

Leave a Reply

Your email address will not be published. Required fields are marked *