ਨੈਸ਼ਨਲ ਟਾਈਮਜ਼ ਬਿਊਰੋ :- ਜਲੰਧਰ ਦੇ ਪਾਸਟਰ ਬਜਿੰਦਰ ‘ਤੇ ਸ਼ਾਰੀਰੀਕ ਸ਼ੋਸ਼ਣ ਦੇ ਇਲਜ਼ਾਮ ਲਾਉਣ ਅਤੇ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਪੀੜਤ ਔਰਤਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਕੋਲ ਆਪਣੀ ਅਰਜ਼ੀ ਲੈ ਕੇ ਪਹੁੰਚੀਆਂ। ਉਨ੍ਹਾਂ ਨੇ ਜਥੇਦਾਰ ਸਾਹਿਬ ਕੋਲ ਇਨਸਾਫ਼ ਦੀ ਗੁਹਾਰ ਲਾਈ। ਜਥੇਦਾਰ ਨੇ ਉਨ੍ਹਾਂ ਦੀ ਗੱਲ ਸੁਨੀ ਅਤੇ ਭਰੋਸਾ ਦਿਵਾਇਆ ਕਿ ਉਹ ਪੀੜਤ ਔਰਤਾਂ ਦੇ ਹੱਕ ਵਿੱਚ ਖੜ੍ਹਨਗੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਉਪਰਾਲਾ ਕਰਨਗੇ।ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਇਤਿਹਾਸ ਦੱਸਦਾ ਹੈ ਕਿ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੋਂ ਹਮੇਸ਼ਾ ਮਹਿਲਾਵਾਂ ਅਤੇ ਮਜਲੂਮਾਂ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਮਹਿਲਾਵਾਂ ਦਾ ਦਰਦ ਵੱਡਾ ਹੈ ਅਤੇ ਉਹਨਾਂ ਨੂੰ ਨਿਆਂ ਮਿਲੇ, ਇਹ ਯਕੀਨੀ ਬਣਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਇਸ ਮਾਮਲੇ ਵਿੱਚ ਇੱਕ ਪੀੜਤ ਔਰਤ ਨੇ ਕਿਹਾ ਕਿ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ, ਪਰ ਅਕਾਲ ਤਖ਼ਤ ਸਾਹਿਬ ਕੋਲ ਪਹੁੰਚਣ ਉਨ੍ਹਾਂ ਲਈ ਆਖ਼ਰੀ ਉਮੀਦ ਬਣੀ। ਉਨ੍ਹਾਂ ਕਿਹਾ ਕਿ ਜਦੋਂ ਉਹ ਮਦਦ ਮੰਗਣ ਆਏ, ਤਾਂ ਉਨ੍ਹਾਂ ਦੀ ਆਪਣੀ ਕੌਮ ਹੀ ਨਾਰਾਜ਼ ਹੋ ਗਈ, ਪਰ ਕਿਸੇ ਨੇ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ।ਦੱਸਣਯੋਗ ਹੈ ਕਿ ਪਾਸਟਰ ਬਜਿੰਦਰ 2018 ਦੇ ਬਲਾਤਕਾਰ ਕੇਸ ਵਿੱਚ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। 1 ਅਪ੍ਰੈਲ ਨੂੰ ਉਸ ਦੀ ਸਜ਼ਾ ਦਾ ਐਲਾਨ ਹੋਵੇਗਾ। ਪੀੜਤ ਔਰਤ ਨੇ ਪਾਸਟਰ ਦੇ ਖਿਲਾਫ਼ ਹੋਰ ਵੀ ਸਬੂਤ ਪੇਸ਼ ਕੀਤੇ ਹਨ, ਜਿਸ ਕਾਰਨ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਵਾਇਰਲ ਹੋਈ ਵੀਡੀਓ ਨੂੰ ਪਾਸਟਰ ਦੇ ਸਮਰਥਕ ਨਕਲੀ ਦੱਸ ਰਹੇ ਹਨ, ਪਰ ਪੀੜਤ ਮਹਿਲਾਵਾਂ ਨੇ ਹੋਰ ਸਬੂਤ ਵੀ ਪੇਸ਼ ਕੀਤੇ ਹਨ।
