ਪਾਕਿਸਤਾਨੀ ਖਿਡਾਰੀਆਂ ਦਾ ਭਾਰਤ ’ਚ ਖੇਡਣ ਦਾ ਰਾਹ ਪੱਧਰਾ, ਏਸ਼ੀਆ ਕੱਪ ’ਚ ਹਿੱਸਾ ਲੈਣ ਭਾਰਤ ਆਵੇਗੀ ਹਾਕੀ ਟੀਮ

ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਦੀ ਹਾਕੀ ਟੀਮ ਨੂੰ ਅਗਲੇ ਮਹੀਨੇ ਭਾਰਤ ’ਚ ਏਸ਼ੀਆ ਕੱਪ ਤੇ ਨਵੰਬਰ-ਦਸੰਬਰ ’ਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ’ਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਦੇ ਨਾਲ ਹੀ ਕੇਂਦਰ ਸਰਕਾਰ ਨੇ ਗੁਆਂਢੀ ਦੇਸ਼ ਦੇ ਖਿਡਾਰੀਆਂ ਦੇ ਇੱਥੇ ਹੋਣ ਵਾਲੀਆਂ ਬਹੁਦੇਸ਼ੀ ਚੈਂਪੀਅਨਸ਼ਿਪਾਂ ’ਚ ਹਿੱਸਾ ਲੈਣ ਦੇ ਰਾਹ ਖੋਲ੍ਹ ਦਿੱਤੇ ਹਨ। ਖੇਡ ਮੰਤਰਾਲੇ ਦੇ ਸੂਤਰ ਨੇ ਵੀਰਵਾਰ ਨੂੰ ਕਿਹਾ ਕਿ ਬਹੁਦੇਸ਼ੀ ਟੀਮਾਂ ਦੇ ਟੂਰਨਾਮੈਂਟ ’ਚ ਅਸੀਂ ਆਪਣੀ ਟੀਮ ਨੂੰ ਪਾਕਿਸਤਾਨ ਨਾਲ ਖੇਡਣ ਤੋਂ ਨਹੀਂ ਰੋਕਾਂਗੇ ਕਿਉਂਕਿ ਅਜਿਹਾ ਕਰਨਾ ਓਲੰਪਿਕ ਚਾਰਟਰ ਦੀ ਉਲੰਘਣਾ ਹੋਵੇਗਾ।

ਹਾਕੀ ਏਸ਼ੀਆ ਕੱਪ 29 ਅਗਸਤ ਤੋਂ ਸੱਤ ਸਤੰਬਰ ਤੱਕ ਬਿਹਾਰ ਦੇ ਰਾਜਗੀਰ ’ਚ ਕਰਵਾਇਆ ਜਾਵੇਗਾ, ਜਿਸ ’ਚ ਭਾਰਤ ਸਮੇਤ ਅੱਠ ਟੀਮਾਂ ਹਿੱਸਾ ਲੈਣਗੀਆਂ। ਉਥੇ ਜੂਨੀਅਰ ਹਾਕੀ ਵਿਸ਼ਵ ਕੱਪ ਚੇਨਈ ਤੇ ਮੁਦਰੈ ’ਚ 28 ਨਵੰਬਰ ਤੋਂ 10 ਦਸੰਬਰ ਤੱਕ ਖੇਡਿਆ ਜਾਵੇਗਾ। ਸੂਤਰ ਨੇ ਕਿਹਾ ਕਿ ਅਸੀਂ ਕਿਸੇ ਵੀ ਟੀਮ ਦੇ ਭਾਰਤ ’ਚ ਬਹੁਰਾਸ਼ਟਰੀ ਟੂਰਨਾਮੈਂਟ ’ਚ ਹਿੱਸਾ ਲੈਣ ਦੇ ਖ਼ਿਲਾਫ਼ ਨਹੀਂ ਹਾਂ ਪਰ ਦੁਵੱਲੀ ਚੈਂਪੀਅਨਸ਼ਿਪ ਵੱਖ ਹੁੰਦੀ ਹੈ। ਅੰਤਰਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਤੋਂ ਅਸੀਂ ਪਿੱਛੇ ਨਹੀਂ ਹਟ ਸਕਦੇ। ਰੂਸ ਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ ਪਰ ਉਹ ਬਹੁਰਾਸ਼ਟਰੀ ਟੂਰਨਾਮੈਂਟਾਂ ’ਚ ਇਕ ਦੂਜੇ ਨਾਲ ਖੇਡਦੇ ਹਨ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਮਈ ’ਚ ਓਮਾਨ ’ਚ 10ਵੀਂ ਏਸ਼ਿਆਈ ਬੀਚ ਹੈਂਡਬਾਲ ਚੈਂਪੀਅਨਸ਼ਿਪ ’ਚ ਇਕ ਦੂਜੇ ਖ਼ਿਲਾਫ਼ ਖੇਡੀਆਂ ਸਨ। ਸੂਤਰ ਨੇ ਕਿਹਾ ਕਿ ਜੇ ਅਸੀਂ ਉਨ੍ਹਾਂ ਨੂੰ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ ਹਾਂ ਤਾਂ ਇਹ ਓਲੰਪਿਕ ਚਾਰਟਰ ਦੀ ਉਲੰਘਣਾ ਹੋਵੇਗੀ ਇਸ ਲਈ ਗ੍ਰਿਹ ਤੇ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਤੋਂ ਬਾਅਦ ਖੇਡ ਮੰਤਰਾਲੇ ਨੇ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਹਾਕੀ ਦੇ ਨਾਲ ਹੀ ਇਸ ਸਾਲ ਸਤੰਬਰ ’ਚ ਦਿੱਲੀ ਦੀ ਕਰਨੀ ਸਿੰਘ ਰੇਂਜ ’ਚ ਹੋਣ ਵਾਲੇ ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਤੇ ਸਤੰਬਰ-ਅਕਤੂਬਰ ’ਚ ਰਾਜਧਾਨੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਹੋਣ ਵਾਲੀ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ’ਚ ਵੀ ਪਾਕਿਸਤਾਨੀ ਖਿਡਾਰੀਆਂ ਦੇ ਹਿੱਸਾ ਲੈਣ ਦਾ ਰਾਹ ਖੁੱਲ੍ਹ ਗਿਆ ਹੈ।

ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ ਕਿ ਇਹ ਹਾਕੀ ਲਈ ਚੰਗੀ ਖ਼ਬਰ ਹੈ। ‘ਆਪ੍ਰੇਸ਼ਨ ਸਿੰਧੂਰ’ ਦੇ ਕਾਰਨ ਏਸ਼ੀਆ ਕੱਪ ਹਾਕੀ ਟੂਰਨਾਮੈਂਟ ’ਚ ਪਾਕਿਸਤਾਨ ਦੀ ਹਿੱਸੇਦਾਰੀ ਨੂੰ ਲੈ ਕੇ ਸ਼ੱਕ ਸੀ। ਪਹਿਲਗਾਮ ’ਚ 22 ਅਪ੍ਰੈਲ ਨੂੰ ਅੱਤਵਾਦੀ ਹਮਲੇ ’ਚ 26 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਜਵਾਬੀ ਕਾਰਵਾਈ ’ਚ ਆਪ੍ਰੇਸ਼ਨ ਸਿੰਧੂਰ ਦੇ ਤਹਿਤ ਭਾਰਤ ਨੇ ਪਾਕਿਸਤਾਨ ’ਚ ਅੱਤਵਾਦੀ ਟਿਕਾਣਿਆਂ ’ਤੇ ਫ਼ੌਜੀ ਹਮਲਾ ਕੀਤਾ ਸੀ।

ਨਿਰਪੱਖ ਥਾਂ ’ਤੇ ਹੋ ਸਕਦਾ ਹੈ ਕ੍ਰਿਕਟ ਦਾ ਏਸ਼ੀਆ ਕੱਪ

ਨਵੀਂ ਦਿੱਲੀ : ਸਤੰਬਰ ’ਚ ਭਾਰਤ ਨੂੰ ਪਾਕਿਸਤਾਨ ਖ਼ਿਲਾਫ਼ ਏਸ਼ੀਆ ਕੱਪ ਕ੍ਰਿਕਟ ’ਚ ਖੇਡਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸੂਤਰ ਨੇ ਕਿਹਾ ਕਿ ਬੀਸੀਸੀਆਈ ਨੇ ਅਜੇ ਇਸ ਮਸਲੇ ’ਤੇ ਸੰਪਰਕ ਨਹੀਂ ਕੀਤਾ ਹੈ। ਜਦ ਉਹ ਸੰਪਰਕ ਕਰਨਗੇ ਤਾਂ ਅਸੀਂ ਇਸ ਮਸਲੇ ’ਤੇ ਗੱਲ ਕਰਾਂਗੇ। ਉਥੇ ਬੀਸੀਸੀਆਈ ਦੇ ਇਕ ਅਹੁਦੇਦਾਰ ਨੇ ਕਿਹਾ ਕਿ ਇਸ ਸਾਲ ਹੋਣ ਵਾਲੇ ਏਸ਼ੀਆ ਕੱਪ ਦੀ ਮੇਜ਼ਬਾਨੀ ਚਾਹੇ ਹੀ ਸਾਡੇ ਕੋਲ ਹੈ ਪਰ ਅਸੀਂ ਪਹਿਲਾਂ ਹੀ ਏਸ਼ਿਆਈ ਕ੍ਰਿਕਟ ਕੌਂਸਲ ਦੀ ਬੈਠਕ ’ਚ ਕਹਿ ਚੁੱਕੇ ਹਾਂ ਕਿ ਇਹ ਟੂਰਨਾਮੈਂਟ ਨਿਰਪੱਖ ਥਾਂ ’ਤੇ ਹੋਵੇਗਾ ਕਿਉਂਕਿ ਭਾਰਤ ਤੋਂ ਇਜਾਜ਼ਤ ਮਿਲਣ ਦੇ ਬਾਵਜੂਦ ਪਾਕਿਸਤਾਨੀ ਟੀਮ ਸਾਡੇ ਇੱਥੇ ਖੇਡਣ ਨਹੀਂ ਆਵੇਗੀ ਕਿਉਂਕਿ ਅਸੀਂ ਇਸ ਸਾਲ ਪਾਕਿਸਤਾਨ ’ਚ ਚੈਂਪੀਅਨਜ਼ ਟਰਾਫੀ ਨਹੀਂ ਖੇਡਣ ਗਏ ਸੀ। ਜ਼ਿਕਰਯੋਗ ਹੈ ਕਿ ਫ਼ਿਲਹਾਲ ਕ੍ਰਿਕਟ ਓਲੰਪਿਕ ਚਾਰਟਰ ’ਚ ਨਹੀਂ ਆਉਂਦਾ ਹੈ। ਉਸ ’ਚ ਆਈਸੀਸੀ ਦੇ ਨਿਯਮ ਲਾਗੂ ਹੁੰਦੇ ਹਨ।

By Rajeev Sharma

Leave a Reply

Your email address will not be published. Required fields are marked *