ਪਠਾਨਕੋਟ: NH-44 ਦੀ ਲਾਈੲ ਫੁਟੇਜ ਭੇਜ ਰਿਹਾ ਸੀ ਸਰਹੱਦ ਪਾਰ, ਪੁਲਿਸ ਨੇ ਸ਼ੱਕੀ ਜਾਸੂਸ ਕੀਤਾ ਗ੍ਰਿਫ਼ਤਾਰ

ਗੁਰਪ੍ਰੀਤ ਸਿੰਘ :- ਪਠਾਨਕੋਟ ਪੁਲਿਸ ਨੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜੋ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦਾ ਸੀ। ਇੱਕ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਪੁਲਿਸ ਨੇ ਸੁਜਾਨਪੁਰ ਖੇਤਰ ‘ਚ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਭਾਰਤ ਤੋਂ ਸਰਹੱਦ ਪਾਰ ਸਥਿਤ ਆਪਣੇ ਹੈਂਡਲਰਾਂ ਨੂੰ ਸੰਵੇਦਨਸ਼ੀਲ ਖੁਫੀਆ ਜਾਣਕਾਰੀ ਤੇ ਲਾਈਵ ਫੁਟੇਜ ਪ੍ਰਸਾਰਿਤ ਕਰ ਰਿਹਾ ਸੀ।

ਪਠਾਨਕੋਟ ਪੁਲਿਸ ਨੂੰ ਸੁਜਾਨਪੁਰ ‘ਚ ਇੱਕ ਖਾਸ ਖੁਫੀਆ ਜਾਣਕਾਰੀ ਮਿਲੀ। ਇਹ ਜਾਣਕਾਰੀ, ਇੰਨੀ ਚਿੰਤਾਜਨਕ ਸੀ ਕਿ ਇਸ ਨੇ ਸੁਰੱਖਿਆ ਏਜੰਸੀਆਂ ਨੂੰ ਵੀ ਹਾਈ ਅਲਰਟ ‘ਤੇ ਪਾ ਦਿੱਤਾ। ਇਸ ਜਾਣਕਾਰੀ ਦੇ ਆਧਾਰ ‘ਤੇ, ਪਠਾਨਕੋਟ ਪੁਲਿਸ ਨੇ ਤੁਰੰਤ ਇੱਕ ਜਾਲ ਵਿਛਾ ਕੇ ਸੁਜਾਨਪੁਰ ‘ਚ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ੁਰੂਆਤੀ ਪੁੱਛਗਿੱਛ ਦੌਰਾਨ ਸਾਹਮਣੇ ਆਈ ਸੱਚਾਈ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀਆਂ ਗਤੀਵਿਧੀਆਂ ਰਾਸ਼ਟਰੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਖ਼ਤਰਨਾਕ ਸਨ। ਦੋਸ਼ੀ ਨੇ ਰਾਸ਼ਟਰੀ ਰਾਜਮਾਰਗ 44 (NH-44) ਪੰਜਾਬ ਤੇ ਜੰਮੂ ਨੂੰ ਜੋੜਨ ਵਾਲੀ ਮਹੱਤਵਪੂਰਨ ਸੜਕ, ਖਾਸ ਕਰਕੇ ਸੁਜਾਨਪੁਰ ‘ਚ ਪੁਲ ਨੰਬਰ 4 ਤੇ ਪੁਲ ਨੰਬਰ 5 ਦੇ ਵਿਚਕਾਰ ਯੋਜਨਾਬੱਧ ਢੰਗ ਨਾਲ ਸੀਸੀਟੀਵੀ ਕੈਮਰੇ ਲਗਾਏ ਸਨ ਤੇ ਹਾਈਵੇਅ ਤੋਂ ਮਿੰਟ-ਦਰ-ਮਿੰਟ ਲਾਈਵ ਫੁਟੇਜ ਸਿੱਧੇ ਪਾਕਿਸਤਾਨ ‘ਚ ਸਥਿਤ ਆਪਣੇ ਹੈਂਡਲਰਾਂ ਨੂੰ ਭੇਜ ਰਿਹਾ ਸੀ।

ਮੁਲਜ਼ਮ ਵਿਅਕਤੀ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹ ਆਪਣੀ ਨਸ਼ੇ ਦੀ ਆਦਤ ਦੀ ਪੂਰਤੀ ਕਰਨ ਲਈ ਦੇਸ਼ ਵਿਰੁੱਧ ਦੇਸ਼ਧ੍ਰੋਹ ਦੇ ਕੰਮਾਂ ‘ਚ ਸ਼ਾਮਲ ਸੀ। ਇਸ ਮਾਮਲੇ ‘ਚ ਉਸ ਦੇ ਤਿੰਨ ਹੋਰ ਸਾਥੀ ਵੀ ਸ਼ਾਮਲ ਹਨ।

ਇਸ ਮਾਮਲੇ ‘ਤੇ ਗੱਲ ਕਰਦੇ ਹੋਏ, ਪਠਾਨਕੋਟ ਦੇ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ। ਉਸ ਨੇ ਸੁਜਾਨਪੁਰ ਨੇੜੇ ਪਠਾਨਕੋਟ-ਜੰਮੂ ਰਾਸ਼ਟਰੀ ਰਾਜਮਾਰਗ (NH-44) ‘ਤੇ ਪੁਲ ਨੰਬਰ 4 ਤੇ 5 ਦੇ ਵਿਚਕਾਰ ਸਥਿਤ ਮਾਰਕੀਟ ਖੇਤਰ ‘ਚ ਨਿਗਰਾਨੀ ਯੰਤਰ ਲਗਾਏ ਸਨ ਤੇ ਇਕੱਤਰ ਕੀਤੀ ਖੁਫੀਆ ਜਾਣਕਾਰੀ ਵਿਦੇਸ਼ਾਂ ਤੋਂ ਕੰਮ ਕਰ ਰਹੀਆਂ ਰਾਸ਼ਟਰ ਵਿਰੋਧੀ ਤਾਕਤਾਂ ਨੂੰ ਭੇਜ ਰਿਹਾ ਸੀ। ਉਸ ਨੇ ਇਹ ਗਤੀਵਿਧੀਆਂ ਸਿਰਫ਼ ਆਪਣੇ ਨਸ਼ੇ ਦੀ ਲਤ ਨੂੰ ਬਣਾਈ ਰੱਖਣ ਲਈ ਕੀਤੀਆਂ। ਇਸ ਮਾਮਲੇ ‘ਚ ਤਿੰਨ ਹੋਰ ਸਾਥੀ ਵੀ ਸ਼ਾਮਲ ਹਨ ਤੇ ਜਾਂਚ ਅੱਗੇ ਵਧਣ ਨਾਲ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

By Gurpreet Singh

Leave a Reply

Your email address will not be published. Required fields are marked *