ਜਹਾਜ਼ ਹਾਦਸਾ: DNA ਮੈਚਿੰਗ ਰਾਹੀਂ 220 ਮ੍ਰਿਤਕਾਂ ਦੀ ਪਛਾਣ, 202 ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪੀਆਂ

ਨੈਸ਼ਨਲ ਟਾਈਮਜ਼ ਬਿਊਰੋ :- ਅਹਿਮਦਾਬਾਦ ਵਿਚ ਵਾਪਰੇ ਜਹਾਜ਼ ਹਾਦਸੇ ਨੂੰ ਇਕ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਹੁਣ ਤੱਕ ਡੀਐੱਨਏ ਮੈਚਿੰਗ ਰਾਹੀਂ 220 ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਇਸ ਦੇ ਨਾਲ ਹੀ 202 ਲੋਕਾਂ ਦੀਆਂ ਲਾਸ਼ਾਂ ਪਛਾਣ ਹੋਣ ਮਗਰੋਂ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਗੁਜਰਾਤ ਸਰਕਾਰ ਦੇ ਇਕ ਮੰਤਰੀ ਨੇ ਇਸ ਸਬੰਧੀ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ। ਇਸ ਹਾਦਸੇ ਵਿਚ 270 ਲੋਕਾਂ ਦੀ ਮੌਤ ਹੋਈ ਸੀ।

ਦੱਸ ਦੇਈਏ ਕਿ ਏਅਰ ਇੰਡੀਆ ਦਾ ਬੋਇੰਗ787-8 ਡ੍ਰੀਮਲਾਈਨਰ ਜਹਾਜ਼ 12 ਜੂਨ ਨੂੰ ਦੁਪਹਿਰ 1.39 ਵਜੇ ਸਰਕਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ ਸੀ। ਲੰਡਨ ਜਾ ਰਹੇ ਇਸ ਜਹਾਜ਼ ਵਿਚ 242 ਲੋਕ ਸਵਾਰ ਸਨ, ਜਿਹਨਾਂ ਵਿਚੋਂ 241 ਦੀ ਮੌਤ ਹੋ ਗਈ ਅਤੇ ਸਿਰਫ਼ ਇਕ ਯਾਤਰੀ ਦੀ ਬਚ ਸਕਿਆ। ਹਾਦਸੇ ਵਾਲੀ ਥਾਂ ‘ਤੇ ਮੌਜੂਦ 29 ਲੋਕਾਂ ਦੀ ਵੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਰਨ ਲਈ ਡੀਐਨਏ ਟੈਸਟ ਕੀਤੇ ਜਾ ਰਹੇ ਹਨ, ਕਿਉਂਕਿ ਹਾਦਸੇ ਵਿਚ ਮਾਰੇ ਗਏ ਲੋਕ ਬੁਰੀ ਤਰ੍ਹਾ ਸੜ ਚੁੱਕੇ ਹਨ, ਜਿਸ ਕਾਰਨ ਉਹਨਾਂ ਦੀ ਪਛਾਣ ਨਹੀਂ ਹੋ ਸਕਦੀ।

ਗੁਜਰਾਤ ਦੇ ਸਿਹਤ ਮੰਤਰੀ ਅਤੇ ਰਾਜ ਸਰਕਾਰ ਦੇ ਬੁਲਾਰੇ ਰਿਸ਼ੀਕੇਸ਼ ਪਟੇਲ ਨੇ ਕਿਹਾ, “ਹੁਣ ਤੱਕ 220 ਲੋਕਾਂ ਦੇ ਡੀਐੱਨਏ ਨਮੂਨੇ ਮਿਲਾਏ ਗਏ ਹਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਗਿਆ ਹੈ। 202 ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਹੋਰ ਮ੍ਰਿਤਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ।” ਪਟੇਲ ਨੇ X ‘ਤੇ ਕਿਹਾ ਕਿ ਇਨ੍ਹਾਂ 202 ਲੋਕਾਂ ਵਿੱਚੋਂ 160 ਭਾਰਤੀ, ਸੱਤ ਪੁਰਤਗਾਲੀ ਨਾਗਰਿਕ, 34 ਬ੍ਰਿਟਿਸ਼ ਨਾਗਰਿਕ ਅਤੇ ਇੱਕ ਕੈਨੇਡੀਅਨ ਨਾਗਰਿਕ ਹੈ। ਮੰਤਰੀ ਨੇ ਕਿਹਾ ਕਿ 15 ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਵਾਈ ਰਸਤੇ ਉਨ੍ਹਾਂ ਦੇ ਜੱਦੀ ਸਥਾਨਾਂ ‘ਤੇ ਭੇਜਿਆ ਗਿਆ ਹੈ, ਜਦੋਂ ਕਿ 187 ਲੋਕਾਂ ਦੀਆਂ ਲਾਸ਼ਾਂ ਸੜਕ ਰਸਤੇ ਭੇਜੀਆਂ ਗਈਆਂ ਹਨ।

By Gurpreet Singh

Leave a Reply

Your email address will not be published. Required fields are marked *