ਸੂਬੇ ‘ਚ ਵੱਡਾ ਕਦਮ ਚੁੱਕਣ ਜਾ ਰਿਹਾ ਟਰਾਂਸਪੋਰਟ ਵਿਭਾਗ, ਪੰਜਾਬ ਸਰਕਾਰ ਨੇ ਦਿੱਤੇ ਹੁਕਮ

ਨੈਸ਼ਨਲ ਟਾਈਮਜ਼ ਬਿਊਰੋ:- ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਸੂਬੇ ਵਿਚ ਟ੍ਰੈਫਿਕ ਸੈਂਸਸ ਕਰਵਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਦੀਆਂ ਸੜਕਾਂ ‘ਤੇ 30 ਸਤੰਬਰ 2025 ਤੱਕ ਟ੍ਰੈਫਿਕ ਸੈਂਸਸ ਨੂੰ ਮੁਕੰਮਲ ਕਰ ਲਿਆ ਜਾਵੇ ਜੋ ਕਿ ਸੜਕਾਂ ਦੀ ਅਪਗ੍ਰੇਡੇਸ਼ਨ ਅਤੇ ਨਵੀਂ ਉਸਾਰੀ ਨੂੰ ਹੋਰ ਤਰਕਸੰਗਤ ਬਣਾਉਣ ਵਿਚ ਸਹਾਇਕ ਸਿੱਧ ਹੋਵੇਗਾ। ਇਸ ਤੋਂ ਇਲਾਵਾ ਟ੍ਰੈਫਿਕ ਸੈਂਸਸ ਨਾਲ ਸਬੰਧਤ ਡਾਟਾ ਰਾਹੀਂ ਸੜਕਾਂ ਦੀ ਨਵੀਂ ਉਸਾਰੀ, ਚੌੜਾ ਕਰਨ ਅਤੇ ਹੋਰ ਲੋੜੀਂਦੇ ਸੁਧਾਰ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਸੜਕੀ ਆਵਾਜਾਈ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇਗਾ ਜਿਸ ਨਾਲ ਦੁਰਘਟਨਾਵਾਂ ਵਿਚ ਹੁੰਦੇ ਵਡਮੁੱਲੇ ਜਾਨੀ ਨੁਕਸਾਨ ਤੋਂ ਵੀ ਬਚਾਅ ਹੋਵੇਗਾ।

ਅੱਜ ਇੱਥੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਸੂਬੇ ਦੀਆਂ ਸੜਕ ਅਤੇ ਪੁਲਾਂ ਨੂੰ ਬਿਹਤਰੀਨ ਬਨਾਉਣ ਲਈ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਇਕ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੀਆਂ ਵੱਖ-ਵੱਖ ਸਕੀਮਾਂ ਅਧੀਨ ਅਤੇ ਵਿਸ਼ੇਸ ਤੌਰ ‘ਤੇ ਲਿੰਕ ਸੜਕਾਂ ਬਾਬਤ ਤਜਵੀਜ਼ ਕੀਤੇ ਅਤੇ ਚੱਲਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਲੋਕ ਨਿਰਮਾਣ ਵਿਭਾਗ ਪ੍ਰਬੰਧਕੀ ਸਕੱਤਰ ਰਵੀ ਭਗਤ ਅਤੇ ਪੰਜਾਬ ਮੰਡੀਕਰਨ ਬੋਰਡ ਦੇ ਸਕੱਤਰ ਰਾਮਵੀਰ ਦੇ ਨਾਲ-ਨਾਲ ਵਿਸ਼ੇਸ਼ ਸਕੱਤਰ ਹਰਗੁਨਜੀਤ ਕੌਰ ਅਤੇ ਵਿਭਾਗਾਂ ਦੇ ਉੱਚ ਅਧਿਕਾਰੀ ਮੌਜੂਦ ਸਨ। ਮੁੱਖ ਇੰਜੀਨੀਅਰ ਲ਼ੋਕ ਨਿਰਮਾਣ ਵੱਲੋਂ ਦੱਸਿਆ ਗਿਆ ਕਿ ਪੀ.ਐੱਮ.ਜੀ.ਐੱਸ.ਵਾਈ. ਸਕੀਮ ਅਧੀਨ ਐੱਫ਼.ਡੀ.ਆਰ ਯਾਨੀ ਫੁੱਲ ਡੇਪਥ ਰੇਕਲੇਮੇਸ਼ਨ ਰਾਹੀਂ 581 ਕਿ. ਮੀ ਲਿੰਕ ਸੜਕਾਂ ਦੀ ਉਸਾਰੀ ਦੇ ਟੈਂਡਰ ਮੰਗੇ ਜਾ ਰਹੇ ਹਨ।

ਨਾਬਾਰਡ ਸਕੀਮ ਅਧੀਨ 281 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੀਆਂ ਮੌਜੂਦਾ ਪੇਂਡੂ ਸੜਕਾਂ ਦੀ ਮਜ਼ਬੂਤੀਕਰਨ ਅਤੇ ਨਵੀਂ ਉਸਾਰੀ ਦੇ ਕੰਮ ਵੀ ਹੱਥ ਵਿਚ ਲਏ ਜਾ ਰਹੇ ਹਨ। ਇਸ ਮੌਕੇ ਹਰਭਜਨ ਸਿੰਘ ਈ. ਟੀ. ਓ. ਨੇ ਪੀ.ਆਰ.ਬੀ.ਡੀ.ਬੀ. ਅਧੀਨ ਚੱਲਦੇ ਹੋਰ ਕੰਮਕਾਜ ਦਾ ਵਿਸਤਾਰਪੂਰਵਕ ਜਾਇਜ਼ਾ ਵੀ ਲਿਆ ਅਤੇ ਕੰਮਾਂ ਵਿਚ ਆਉਂਦੀਆਂ ਔਕੜਾਂ/ਦਿੱਕਤਾਂ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੇ ਕੰਮ ਇਮਾਨਦਾਰੀ ਅਤੇ ਚੰਗੀ ਮਿਆਰ ਨਾਲ ਕਰਵਾਉਣ ਦੀ ਹਦਾਇਤ ਕੀਤੀ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀਆਂ ਸੜਕਾਂ ਨੂੰ ਵਿਸ਼ਵ ਪੱਧਰ ਬਨਾਉਣ ਲਈ ਯਤਨਸ਼ੀਲ ਹੈ ਤਾਂ ਜੋ ਸੂਬੇ ਦੀ ਵਿਕਾਸ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾ ਸਕੇ।

By Gurpreet Singh

Leave a Reply

Your email address will not be published. Required fields are marked *