PM ਮੋਦੀ ‘ਤੇ ਹੋ ਸਕਦਾ ਸੀ ਹਮਲਾ, ਸਪੀਕਰ ਓਮ ਬਿਰਲਾ ਦਾ ਵੱਡਾ ਦਾਅਵਾ

ਨੈਸ਼ਨਲ ਟਾਈਮਜ਼ ਬਿਊਰੋ :- ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਇੱਕ ਬੇਹੱਦ ਹੈਰਾਨ ਕਰਨ ਵਾਲਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਦਨ ਵਿੱਚ ਆਉਣ ਤੋਂ ਮਨ੍ਹਾ ਕੀਤਾ ਸੀ। ਸਪੀਕਰ ਮੁਤਾਬਕ ਕਾਂਗਰਸ ਦੇ ਸੰਸਦ ਮੈਂਬਰ ਪ੍ਰਧਾਨ ਮੰਤਰੀ ‘ਤੇ ਸਰੀਰਕ ਹਮਲਾ ਕਰ ਸਕਦੇ ਸਨ, ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ। ਇਸ ਹੰਗਾਮੇ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ ਸ਼ੁੱਕਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।

ਲੋਕ ਸਭਾ ਦੇ ਇਤਿਹਾਸ ‘ਤੇ ‘ਕਾਲਾ ਧੱਬਾ’
ਸਪੀਕਰ ਓਮ ਬਿਰਲਾ ਨੇ ਸਦਨ ਵਿੱਚ ਵਿਰੋਧੀ ਧਿਰ ਦੇ ਕੁਝ ਸੰਸਦ ਮੈਂਬਰਾਂ ਦੇ ਵਿਵਹਾਰ ਨੂੰ ਲੋਕ ਸਭਾ ਦੇ ਇਤਿਹਾਸ ਵਿੱਚ ਇੱਕ ‘ਕਾਲਾ ਧੱਬਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਜੋ ਕੁਝ ਹੋਇਆ ਉਹ ਬੇਹੱਦ ਅਣਕਿਆਸਿਆ ਸੀ। ਸਪੀਕਰ ਅਨੁਸਾਰ ਕਾਂਗਰਸੀ ਸੰਸਦ ਮੈਂਬਰ ਪ੍ਰਧਾਨ ਮੰਤਰੀ ਖਿਲਾਫ ਕੁਝ ਗਲਤ ਕਰਨ ਦੀ ਯੋਜਨਾ ਬਣਾ ਰਹੇ ਸਨ, ਜਿਸ ਕਾਰਨ ਰਾਸ਼ਟਰਪਤੀ ਦੇ ਭਾਸ਼ਣ ‘ਤੇ ਪ੍ਰਧਾਨ ਮੰਤਰੀ ਦੇ ਜਵਾਬੀ ਭਾਸ਼ਣ ਨੂੰ ਟਾਲ ਦਿੱਤਾ ਗਿਆ ਅਤੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਹੀ ਧੰਨਵਾਦ ਮਤਾ ਪਾਸ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਾਲ 2004 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਪ੍ਰਧਾਨ ਮੰਤਰੀ ਦੇ ਜਵਾਬ ਤੋਂ ਬਿਨਾਂ ਹੀ ਇਹ ਮਤਾ ਮਨਜ਼ੂਰ ਕੀਤਾ ਗਿਆ ਹੋਵੇ।

ਭਾਜਪਾ ਨੇ ਸਪੀਕਰ ਦਾ ਕੀਤਾ ਧੰਨਵਾਦ
ਭਾਜਪਾ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਨੇ ਇਸ ਦਾਅਵੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਖ਼ਤਰੇ ਵਿੱਚ ਸੀ ਅਤੇ ਉਹ ਸਪੀਕਰ ਦੇ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਨੇ ਪੀ.ਐਮ. ਮੋਦੀ ਨੂੰ ਸਦਨ ਵਿੱਚ ਆਉਣ ਤੋਂ ਰੋਕ ਲਿਆ। ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟਾਉਂਦੇ ਹੋਏ ਸਵਾਲ ਕੀਤਾ ਕਿ ਕੀ ਵਿਰੋਧੀ ਧਿਰ ਪ੍ਰਧਾਨ ਮੰਤਰੀ ਦਾ ਰਸਤਾ ਰੋਕਣਾ ਚਾਹੁੰਦੀ ਹੈ?

ਪ੍ਰਿਅੰਕਾ ਗਾਂਧੀ ਦਾ ਪਲਟਵਾਰ
ਦੂਜੇ ਪਾਸੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਅਜਿਹੀਆਂ ਗੱਲਾਂ ਗਲਤ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਤਿੰਨ ਮਹਿਲਾ ਸੰਸਦ ਮੈਂਬਰ ਪ੍ਰਧਾਨ ਮੰਤਰੀ ਦੇ ਕੋਲ ਜਾ ਕੇ ਖੜ੍ਹੀਆਂ ਹੋ ਗਈਆਂ, ਤਾਂ ਉਨ੍ਹਾਂ ਨੂੰ ਖ਼ਤਰਾ ਕਿਵੇਂ ਹੋ ਗਿਆ? ਉਨ੍ਹਾਂ ਮੀਡੀਆ ਨੂੰ ਕਿਹਾ ਕਿ ਸਰਕਾਰ ਤੋਂ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਨੇਤਾ ਵਿਰੋਧੀ ਧਿਰ ਰਾਹੁਲ ਗਾਂਧੀ ਨੂੰ ਸਦਨ ਵਿੱਚ ਬੋਲਣ ਤੋਂ ਕਿਉਂ ਰੋਕਿਆ ਗਿਆ। ਰਾਹੁਲ ਗਾਂਧੀ ਨੇ ਵੀ ਸਪੀਕਰ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਬੋਲਣ ਤੋਂ ਰੋਕਣ ਦੇ ਫੈਸਲੇ ਨੂੰ ਲੋਕਤੰਤਰ ‘ਤੇ ਕਲੰਕ ਦੱਸਿਆ ਹੈ।

By Gurpreet Singh

Leave a Reply

Your email address will not be published. Required fields are marked *