ਪੰਜਾਬ ਪੁਲਿਸ ਦਾ ASI ਚਿੱਟੇ ਦਾ ਸੇਵਨ ਕਰਦਿਆਂ ਫੜਿਆ, ਲੋਕਾਂ ਨੇ ਕੀਤੀ ਕੁੱਟਮਾਰ ਤੇ ਤੋੜੇ ਸ਼ੋਅਰੂਮ ਦੇ ਸ਼ੀਸ਼ੇ

ਗੁਰਪ੍ਰੀਤ ਸਿੰਘ :- ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਨੂੰ ਲੋਕਾਂ ਨੇ ਸਥਾਨਕ ਆਈਟੀਆਈ ਚੌਕ ਵਿੱਚ ਕਥਿਤ ਤੌਰ ’ਤੇ ਚਿੱਟੇ ਦਾ ਸੇਵਨ ਕਰਦਿਆਂ ਫੜ ਲਿਆ। ਇਸ ਤੋਂ ਬਾਅਦ ਲੋਕਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ।

ਪੁਲਿਸ ਮੁਲਾਜ਼ਮ ਦੀ ਪਛਾਣ ਸਹਿਜਪ੍ਰੀਤ ਸਿੰਘ ਵਜੋਂ ਦੱਸੀ ਜਾ ਰਹੀ ਹੈ। ਉਹ ਜਹਾਨ ਖੇਲਾਂ ਵਿੱਚ ਤਾਇਨਾਤ ਹੈ ਅਤੇ ਬੁਢਲਾਡਾ ਵਿੱਚ ਡਿਊਟੀ ਲਈ ਆਇਆ ਹੋਇਆ ਸੀ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਵੱਲੋਂ ਮੁਲਾਜ਼ਮ ਨੂੰ ਕਾਬੂ ਕਰਨ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲਿਸ ਦੀ ਕੁਝ ਲੋਕਾਂ ਨਾਲ ਝੜਪ ਵੀ ਹੋ ਗਈ। ਇਸ ਤੋਂ ਬਾਅਦ ਪੁਲਿਸ ਉਕਤ ਮੁਲਾਜ਼ਮ ਨੂੰ ਇੱਕ ਆਟੋ ਸ਼ੋਅਰੂਮ ਵਿੱਚ ਲੈ ਗਈ। ਇਸ ’ਤੇ ਗੁੱਸੇ ਵਿੱਚ ਆਏ ਲੋਕਾਂ ਨੇ ਮੁਲਾਜ਼ਮ ਵਿਰੁੱਧ ਪ੍ਰਦਰਸ਼ਨ ਕਰਦਿਆਂ ਸ਼ੋਅਰੂਮ ਦੇ ਸ਼ੀਸ਼ੇ ਤੋੜ ਦਿੱਤੇ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੇ ਨਾਲ-ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਆਈਟੀਆਈ ਚੌਕ ਵਿੱਚ ਧਰਨਾ ਲਗਾ ਦਿੱਤਾ। 

ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਸੜਕ ਜਾਮ ਕਰ ਕੇ ਪੁਲੀਸ ਮੁਲਾਜ਼ਮ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਨੇੜਲੇ ਇੱਕ ਆਟੋਮੋਬਾਈਲ ਸ਼ੋਅਰੂਮ ਦੇ ਗੇਟ ਦਾ ਸ਼ੀਸ਼ਾ ਵੀ ਭੰਨ ਦਿੱਤਾ, ਜਿੱਥੇ ਕੁਝ ਪੁਲੀਸ ਮੁਲਾਜ਼ਮ ਏ.ਐੱਸ.ਆਈ. ਨੂੰ ਇਕੱਠ ਤੋਂ ਬਚਾਉਣ ਲਈ ਲੈ ਗਏ ਸਨ।

ਮੌਕੇ ’ਤੇ ਮੌਜੂਦ ਬੁਢਲਾਡਾ ਸਿਟੀ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਏ.ਐੱਸ.ਆਈ. ਦੀ ਪਛਾਣ ਬਾਰੇ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਪੁਲੀਸ ਨੂੰ ਉਸ ਦੇ ਵੇਰਵਿਆਂ ਦੀ ਤਸਦੀਕ ਕਰਨ ਦੀ ਇਜਾਜ਼ਤ ਦੇਣ। ਬੁਢਲਾਡਾ ਸਦਰ ਥਾਣੇ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਮੇਲਾ ਸਿੰਘ ਵੀ ਮੌਕੇ ’ਤੇ ਹਾਜ਼ਰ ਸਨ।

ਬਾਅਦ ਵਿੱਚ ਐੱਸ.ਪੀ. ਨਰਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਸ਼ੋਅਰੂਮ ਮਾਲਕ ਨੇ ਵੀ ਪੁਲੀਸ ਅਧਿਕਾਰੀ ਦੇ ਇਸ ਕਥਿਤ ਵਤੀਰੇ ਦੀ ਨਿਖੇਧੀ ਕੀਤੀ ਅਤੇ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਧਰਨੇ ਵਿੱਚ ਕਈ ਔਰਤਾਂ ਵੀ ਸ਼ਾਮਲ ਹੋਈਆਂ, ਜਿਨ੍ਹਾਂ ਨੇ ਦੋਸ਼ ਲਾਇਆ ਕਿ ਇਲਾਕੇ ਦੀਆਂ ਕੁਝ ਔਰਤਾਂ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਏ.ਐੱਸ.ਆਈ. ਨੂੰ ਚਿੱਟਾ ਪੀਂਦੇ ਹੋਏ ਦੇਖਿਆ ਹੈ।

ਮੌਕੇ ’ਤੇ ਸਥਿਤੀ ਤਣਾਅਪੂਰਨ ਬਣੀ ਰਹਿਣ ਕਾਰਨ ਕੁਝ ਨਿਹੰਗ ਸਿੰਘ ਵੀ ਪਹੁੰਚ ਗਏ। ਇਹ ਘਟਨਾ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਅਤੇ ਛੋਟੇ ਕਿਸਾਨ ਦਲਜੀਤ ਸਿੰਘ ਦੀ ਭੇਦਭਰੀ ਮੌਤ ਨੂੰ ਲੈ ਕੇ ਚੱਲ ਰਹੇ ਧਰਨਿਆਂ ਦਰਮਿਆਨ ਵਾਪਰੀ ਹੈ, ਜਿੱਥੇ ਪ੍ਰਦਰਸ਼ਨਕਾਰੀ ਮੁਲਜ਼ਮਾਂ ਵਿਰੁੱਧ ਕਾਰਵਾਈ ਅਤੇ ਪੁਲੀਸ ਦੀ ਜਵਾਬਦੇਹੀ ਦੀ ਮੰਗ ਕਰ ਰਹੇ ਹਨ।ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਰਾਜ ਵਿੱਚ ਉਸ ਦੇ ਆਗੂ ਵੀ ਨਸ਼ੇ ਦੀ ਵਿਕਰੀ ਕਰਵਾਉਣ ਵਿੱਚ ਲੱਗੇ ਹੋਏ ਹਨ।

By Gurpreet Singh

Leave a Reply

Your email address will not be published. Required fields are marked *