ਨੈਸ਼ਨਲ ਟਾਈਮਜ਼ ਬਿਊਰੋ :- ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਅਤੇ ਨੌਜਵਾਨੀ ਪੀੜ੍ਹੀ ਨੂੰ ਇਸ ਲਾਹਨਤ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਅਪਰੇਸ਼ਨ ਸੰਪਰਕ” ਤਹਿਤ ਅੱਜ ਥਾਣਾ ਸਦਰ, ਅੰਮ੍ਰਿਤਸਰ ਦੇ ਖੇਤਰ ਵਿੱਚ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਵਿਖੇ ਪੁਲਿਸ-ਪਬਲਿਕ ਮੀਟਿੰਗ ਆਯੋਜਿਤ ਕੀਤੀ ਗਈ।

ਇਹ ਮੀਟਿੰਗ ਸਪੈਸ਼ਲ ਡੀ.ਜੀ.ਪੀ. ਰੇਲਵੇ, ਪੰਜਾਬ, ਸ੍ਰੀਮਤੀ ਸ਼ਸ਼ੀ ਪ੍ਰਭਾ ਦੁਵੇਦੀ ਆਈ.ਪੀ.ਐਸ. ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ., ਸਮੇਤ ਕਈ ਪੁਲਿਸ ਅਧਿਕਾਰੀ, ਕੌਂਸਲਰ ਅਤੇ ਇਲਾਕੇ ਦੇ ਵਸਨੀਕ ਮੌਜੂਦ ਸਨ। ਮੀਟਿੰਗ ਦੌਰਾਨ ਨਸ਼ਿਆਂ ਦੇ ਵਧਦੇ ਖ਼ਤਰੇ ਬਾਰੇ ਵਿਚਾਰ-ਵਟਾਂਦਰਾ ਹੋਇਆ ਅਤੇ ਲੋਕਾਂ ਵੱਲੋਂ ਆਪਣੇ ਸੁਝਾਵ ਸਾਂਝੇ ਕੀਤੇ ਗਏ।
ਸ੍ਰੀਮਤੀ ਦੁਵੇਦੀ ਨੇ ਦੱਸਿਆ ਕਿ ਨਸ਼ਿਆਂ ਦੀ ਤਸਕਰੀ ਅਤੇ ਵਰਤੋਂ ਨੂੰ ਰੋਕਣ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਪਿਛਲੇ ਸਾਢੇ ਤਿੰਨ ਮਹੀਨਿਆਂ ਦੌਰਾਨ ਵੱਡੀ ਸਖ਼ਤੀ ਨਾਲ ਕਾਰਵਾਈ ਕੀਤੀ ਗਈ ਹੈ। 1 ਜਨਵਰੀ ਤੋਂ 15 ਅਪ੍ਰੈਲ 2025 ਤੱਕ ਨਸ਼ਿਆਂ ਨਾਲ ਜੁੜੇ 243 ਮੁਕੱਦਮੇ ਦਰਜ ਕਰਕੇ 489 ਨਸ਼ਾ ਤੱਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਦੌਰਾਨ 69 ਕਿਲੋ 316 ਗ੍ਰਾਮ ਹੈਰੋਇਨ, 6 ਕਿਲੋ 519 ਗ੍ਰਾਮ ਅਫੀਮ, 372 ਗ੍ਰਾਮ ਆਈਸ (ਮੈਥ ਐਂਫੈਟਾਮੀਨ), 58 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ, 1550 ਇੰਜੈਕਸ਼ਨ, 42 ਲੱਖ 44 ਹਜ਼ਾਰ ਰੁਪਏ ਨਕਦ ਰਕਮ ਅਤੇ 38 ਵਾਹਨ ਜ਼ਬਤ ਕੀਤੇ ਗਏ ਹਨ। ਇਸਦੇ ਨਾਲ-ਨਾਲ ਨਸ਼ਾ ਤਸਕਰੀ ਵਿੱਚ ਲਿਪਤ 150 ਭਗੋੜਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।ਸਪੈਸ਼ਲ ਡੀ.ਜੀ.ਪੀ. ਨੇ ਕਿਹਾ ਕਿ ਨਸ਼ਿਆਂ ਦੇ ਧੰਦੇ ਵਿਰੁੱਧ ਪੰਜਾਬ ਪੁਲਿਸ ਦੀ “ਜ਼ੀਰੋ ਟੋਲਰੈਂਸ” ਨੀਤੀ ਤਹਿਤ ਗੰਭੀਰਤਾ ਨਾਲ ਕਾਨੂੰਨੀ ਕਾਰਵਾਈ ਜਾਰੀ ਹੈ। ਪੁਲਿਸ ਵੱਲੋਂ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਵੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਰੋਕਿਆ ਜਾ ਸਕੇ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਕਿਸੇ ਵੀ ਨਸ਼ਾ ਤਸਕਰ ਜਾਂ ਗੈਰਕਾਨੂੰਨੀ ਗਤੀਵਿਧੀ ਬਾਰੇ ਜਾਣਕਾਰੀ ਹੋਵੇ, ਤਾਂ ਉਹ ਬਿਨਾ ਡਰ ਦੇ ਪੰਜਾਬ ਪੁਲਿਸ ਦੀ ਹੈਲਪਲਾਈਨ 112 ਜਾਂ ਅੰਮ੍ਰਿਤਸਰ ਪੁਲਿਸ ਕੰਟਰੋਲ ਰੂਮ ਦੇ ਨੰਬਰ 77101-04818 ‘ਤੇ ਸੰਪਰਕ ਕਰ ਸਕਦੇ ਹਨ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਜਲਦੀ ਕਾਰਵਾਈ ਕੀਤੀ ਜਾਵੇਗੀ।ਸਮਾਪਤੀ ਤੇ ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿਚ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ ਅਤੇ ਇਹ ਜੰਗ ਸਿਰਫ਼ ਪੁਲਿਸ ਦੀ ਨਹੀਂ, ਸਗੋਂ ਸਾਰਿਆਂ ਦੀ ਹੈ।
