ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸ.ਡੀ.ਆਰ.ਐੱਫ.) ਨੂੰ ਲੈ ਕੇ ਰਾਜਨੀਤਿਕ ਘਮਾਸਾਨ ਵੱਧਦਾ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ‘ਤੇ ਸਿੱਧੇ ਸਵਾਲ ਖੜ੍ਹੇ ਕੀਤੇ ਹਨ। ਸੋਸ਼ਲ ਮੀਡੀਆ ‘ਤੇ ਕੈਗ ਦੀ ਰਿਪੋਰਟ ਸਾਂਝੀ ਕਰਦਿਆਂ ਜਾਖੜ ਨੇ ਦਾਅਵਾ ਕੀਤਾ ਕਿ 31 ਮਾਰਚ 2023 ਤੱਕ ਪੰਜਾਬ ਨੂੰ ਐੱਸ.ਡੀ.ਆਰ.ਐੱਫ. ਤਹਿਤ 9041.74 ਕਰੋੜ ਰੁਪਏ ਮਿਲ ਚੁੱਕੇ ਸਨ। ਇਸ ਤੋਂ ਬਾਅਦ 2023-24, 2024-25 ਅਤੇ 2025-26 ਦੇ ਜਮਾਂ ਫੰਡਾਂ ਨਾਲ ਇਹ ਰਕਮ 12 ਹਜ਼ਾਰ ਕਰੋੜ ਰੁਪਏ ਤੱਕ ਪਹੁੰਚਦੀ ਹੈ।
ਨਿਯਮਾਂ ਦੀ ਉਲੰਘਣਾ ਦਾ ਦੋਸ਼
ਜਾਖੜ ਨੇ ਆਰੋਪ ਲਾਇਆ ਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਮਿਲੇ ਪੈਸਿਆਂ ਦਾ ਉਚਿਤ ਨਿਵੇਸ਼ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਗੱਲ ਮੁੱਖ ਸਕੱਤਰ ਵੱਲੋਂ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦੱਬੀ ਜ਼ੁਬਾਨ ‘ਚ ਸਵੀਕਾਰ ਕੀਤੀ ਗਈ ਸੀ। ਇਸ ਤੋਂ ਇਲਾਵਾ, ਸਰਕਾਰ ਦੇ ਮੰਤਰੀ ਵੀ ਇਸ ਗੱਲ ਨੂੰ ਮੰਨ ਚੁੱਕੇ ਹਨ।
ਮੁਆਫ਼ੀ ਦੀ ਮੰਗ
ਭਾਜਪਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਸੱਚਾਈ ਸਾਹਮਣੇ ਲਿਆਉਣ। ਜਾਖੜ ਨੇ ਮੰਗ ਕੀਤੀ ਕਿ ਮਾਨ ਸਰਕਾਰ ਇਸ ਗਲਤੀ ਲਈ ਲੋਕਾਂ ਤੋਂ ਮੁਆਫ਼ੀ ਮੰਗੇ ਅਤੇ ਫੰਡਾਂ ਦਾ ਢੁੱਕਵਾਂ ਇਸਤੇਮਾਲ ਕਰਦਿਆਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਵਾਏ।
