ਦਿੱਲੀ ‘ਚ ਹੁਣ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੀ ਖ਼ੈਰ ਨਹੀਂ, AI ਅਤੇ CCTV ਨਾਲ 700 ਤੋਂ ਵੱਧ ਸਾਈਟਾਂ ਤੇ ਰਹੇਗੀ ਨਜ਼ਰ

ਰਾਜੀਵ ਸ਼ਰਮਾ :- ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ ਪ੍ਰਦੂਸ਼ਣ ‘ਤੇ 24 ਘੰਟੇ ਨਜ਼ਰ ਰੱਖਣ ਲਈ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (DPCC) ਦਾ ਨਵਾਂ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਸ਼ੁਰੂ ਕਰ ਦਿੱਤਾ ਹੈ। ਇਸ ਹਾਈਟੈਕ ਸੈਂਟਰ ਦਾ ਉਦਘਾਟਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਾਸਤਰੀ ਪਾਰਕ ਸਥਿਤ ਡੀ.ਐੱਮ.ਆਰ.ਸੀ. (DMRC) ਆਈ.ਟੀ. ਪਾਰਕ ਵਿਖੇ ਕੀਤਾ। ਸਰਦੀਆਂ ਦੇ ਮੌਸਮ ਵਿੱਚ ਇਹ ਸੈਂਟਰ 24×7 ਇੱਕ ‘ਵਾਰ ਰੂਮ’ ਵਜੋਂ ਕੰਮ ਕਰੇਗਾ।

ਮੁੱਖ ਮੰਤਰੀ ਰੇਖਾ ਗੁਪਤਾ ਨੇ ਸਪੱਸ਼ਟ ਕੀਤਾ ਕਿ ਸਿਰਫ਼ ਅੰਕੜੇ ਇਕੱਠੇ ਕਰਨਾ ਕਾਫ਼ੀ ਨਹੀਂ ਹੈ, ਸਗੋਂ ਤੁਰੰਤ ਕਾਰਵਾਈ ਯਕੀਨੀ ਬਣਾਉਣਾ ਜ਼ਰੂਰੀ ਹੈ। ਇਹ ਸੈਂਟਰ ‘ਡਿਟੈਕਟ, ਐਨਾਲਾਈਜ਼, ਐਕਟ, ਵੈਰੀਫਾਈ’ (Detect, Analyze, Act, Verify) ਦੇ ਸਿਧਾਂਤ ‘ਤੇ ਕੰਮ ਕਰੇਗਾ। ਸਭ ਤੋਂ ਪਹਿਲਾਂ ਨਿਯਮਾਂ ਦੀ ਉਲੰਘਣਾ ਦੀ ਪਛਾਣ ਕੀਤੀ ਜਾਵੇਗੀ, ਫਿਰ ਜਾਂਚ ਤੋਂ ਬਾਅਦ ਵਿਭਾਗ ਨੂੰ ਅਲਰਟ ਦਿੱਤਾ ਜਾਵੇਗਾ ਅਤੇ ਅੰਤ ਵਿੱਚ ਕੀਤੀ ਗਈ ਕਾਰਵਾਈ ਦੇ ਨਤੀਜੇ ਦੀ ਪੜਤਾਲ ਕੀਤੀ ਜਾਵੇਗੀ।

ਜੀ.ਪੀ.ਐੱਸ. ਅਤੇ ਬੋਡੀ ਕੈਮਰਿਆਂ ਨਾਲ ਲੈੱਸ ਹੋਣਗੀਆਂ ਟੀਮਾਂ

ਸੜਕਾਂ ਦੀ ਸਫ਼ਾਈ ਕਰਨ ਵਾਲੀਆਂ ਮੈਕੇਨੀਕਲ ਰੋਡ ਸਵੀਪਿੰਗ ਮਸ਼ੀਨਾਂ ਨੂੰ ਜੀ.ਪੀ.ਐੱਸ. (GPS) ਨਾਲ ਜੋੜਿਆ ਗਿਆ ਹੈ ਤਾਂ ਜੋ ਉਨ੍ਹਾਂ ਦੀ ਲੋਕੇਸ਼ਨ, ਰੂਟ, ਸਫ਼ਾਈ ਦੀ ਦੂਰੀ ਅਤੇ ਕੰਮ ਦੇ ਸਮੇਂ ‘ਤੇ ਨਜ਼ਰ ਰੱਖੀ ਜਾ ਸਕੇ। ਫੀਲਡ ਵਿੱਚ ਕੰਮ ਕਰਨ ਵਾਲੀਆਂ ‘ਵਾਯੂਦੂਤ’ ਟੀਮਾਂ ਅਤੇ ਡੀ.ਪੀ.ਸੀ.ਸੀ. ਅਧਿਕਾਰੀਆਂ ਲਈ ਨਿਰੀਖਣ ਦੌਰਾਨ ਬੋਡੀ ਕੈਮਰੇ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ, ਜੋ ਸਿੱਧੇ ਕਮਾਂਡ ਸੈਂਟਰ ਨਾਲ ਜੁੜੇ ਹੋਣਗੇ। ਸਰਦੀਆਂ ਦੌਰਾਨ 78 ਸਬ-ਡਿਵੀਜ਼ਨ ਟੀਮਾਂ ਮੁਸਤੈਦ ਰਹਿਣਗੀਆਂ ਅਤੇ ਖੁੱਲ੍ਹੇ ਵਿੱਚ ਕੂੜਾ ਜਾਂ ਬਾਇਓਮਾਸ ਜਲਾਉਣ ਵਾਲਿਆਂ ‘ਤੇ ਨਵੇਂ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ।

ਆਮ ਜਨਤਾ ਲਈ ‘ਜਨ ਸੁਝਾਅ ਪੋਰਟਲ’

ਆਮ ਲੋਕਾਂ ਦੀ ਭਾਗੀਦਾਰੀ ਲਈ ਇੱਕ ‘ਜਨ ਸੁਝਾਅ ਪੋਰਟਲ’ ਸ਼ੁਰੂ ਕੀਤਾ ਗਿਆ ਹੈ, ਜਿੱਥੇ ਨਾਗਰਿਕ ਆਪਣੀਆਂ ਸ਼ਿਕਾਇਤਾਂ, ਸੁਝਾਅ ਅਤੇ ਚੰਗੇ ਯਤਨ ਸਾਂਝੇ ਕਰ ਸਕਦੇ ਹਨ। ਵਧੀਆ ਯਤਨ ਕਰਨ ਵਾਲਿਆਂ ਨੂੰ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਸੈਂਟਰ ਵਿੱਚ ਅਧਿਕਾਰੀ 24×7 ਸ਼ਿਫ਼ਟਾਂ ਵਿੱਚ ਤਾਇਨਾਤ ਰਹਿਣਗੇ, ਜਿਨ੍ਹਾਂ ਲਈ ਰਸੋਈ, ਮੈਸ ਅਤੇ ਬੰਕ ਬੈੱਡ ਵਰਗੀਆਂ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

By Gurpreet Singh

Leave a Reply

Your email address will not be published. Required fields are marked *