ਗੁਰਪ੍ਰੀਤ ਸਿੰਘ :- ਚੰਡੀਗੜ੍ਹ ਦੇ ਸੈਕਟਰ-20ਬੀ ਸਥਿਤ ਸਰਕਾਰੀ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ’ਚ ਮਿਡ-ਡੇਅ ਮੀਲ ਤਿਆਰ ਕਰਦੇ ਸਮੇਂ ਪ੍ਰੈਸ਼ਰ ਕੁੱਕਰ ਫਟਣ ਨਾਲ ਇਕ ਮਹਿਲਾ ਰਸੋਈ ਕਰਮਚਾਰੀ ਜ਼ਖ਼ਮੀ ਹੋ ਗਈ। ਧਮਾਕੇ ਤੋਂ ਬਾਅਦ ਸਕੂਲ ’ਚ ਕੁੱਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ। ਜ਼ਖ਼ਮੀ ਕਰਮਚਾਰੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਘਟਨਾ ਵੇਲੇ ਕੋਈ ਵੀ ਵਿਦਿਆਰਥੀ ਰਸੋਈ ਅੰਦਰ ਮੌਜੂਦ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।
ਜਾਣਕਾਰੀ ਅਨੁਸਾਰ ਵਿਦਿਆਰਥੀਆਂ ਲਈ ਮਿਡ-ਡੇਅ ਮੀਲ ਤਹਿਤ ਰਾਜਮਾਂਹ ਤਿਆਰ ਕੀਤੇ ਜਾ ਰਹੇ ਸਨ। ਇਸ ਦੌਰਾਨ ਪ੍ਰੈਸ਼ਰ ਕੁੱਕਰ ’ਚ ਅਚਾਨਕ ਦਬਾਅ ਵੱਧਣ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ। ਆਵਾਜ਼ ਸੁਣ ਕੇ ਸਕੂਲ ਸਟਾਫ਼ ਤੁਰੰਤ ਮੌਕੇ ’ਤੇ ਪਹੁੰਚਿਆ ਤੇ ਜ਼ਖ਼ਮੀ ਮਹਿਲਾ ਨੂੰ ਇਲਾਜ ਲਈ ਹਸਪਤਾਲ ਭੇਜਿਆ। ਘਟਨਾ ਮਗਰੋਂ ਸਕੂਲ ਪ੍ਰਸ਼ਾਸਨ ਨੇ ਰਸੋਈ ਨੂੰ ਤੁਰੰਤ ਖ਼ਾਲੀ ਕਰਵਾ ਕੇ ਸੁਰੱਖਿਆ ਪ੍ਰਬੰਧ ਕੀਤੇ ਅਤੇ ਸਬੰਧਿਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸ਼ੁਰੂਆਤੀ ਜਾਂਚ ’ਚ ਤਕਨੀਕੀ ਨੁਕਸ ਜਾਂ ਕੁੱਕਰ ’ਚ ਵੱਧ ਦਬਾਅ ਬਣਨ ਨੂੰ ਧਮਾਕੇ ਦਾ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
