ਗੁਰਪ੍ਰੀਤ ਸਿੰਘ :- : ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਵੱਲੋਂ PCS ਮੇਨਜ਼ ਪ੍ਰੀਖਿਆ-2025 ਦੇ ਨਤੀਜਿਆਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਅਤੇ ਕਥਿਤ ਬੇਨਿਯਮੀਆਂ ਦੇ ਦੋਸ਼ਾਂ ਬਾਰੇ ਆਪਣਾ ਪੱਖ ਸਪੱਸ਼ਟ ਕੀਤਾ ਗਿਆ ਹੈ। PPSC ਦੇ ਚੇਅਰਮੈਨ ਰਿਟਾਇਰਡ ਮੇਜਰ ਜਨਰਲ ਵਿਨਾਇਕ ਸੈਣੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਲਗਾਏ ਜਾ ਰਹੇ ਦੋਸ਼ ਅੰਕੜਿਆਂ ਦੀ ਗਲਤ ਵਿਆਖਿਆ ‘ਤੇ ਆਧਾਰਿਤ ਹਨ। ਉਨ੍ਹਾਂ ਨੇ ਸੈਂਟਰ ਅਤੇ ਕਲਾਸਰੂਮ ਅਨੁਸਾਰ ਚੁਣੇ ਗਏ ਉਮੀਦਵਾਰਾਂ ਦੇ ਅੰਕੜੇ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਨਤੀਜਿਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਬੇਨਿਯਮੀ ਨਹੀਂ ਹੋਈ।
ਚੇਅਰਮੈਨ ਨੇ ਦੱਸਿਆ ਕਿ ਪਟਿਆਲਾ ਵਿੱਚ ਕੁੱਲ 12 ਪ੍ਰੀਖਿਆ ਕੇਂਦਰਾਂ ‘ਤੇ PCS ਮੇਨਜ਼ ਦੀ ਪ੍ਰੀਖਿਆ ਕਰਵਾਈ ਗਈ ਸੀ। ਇਨ੍ਹਾਂ ਕੇਂਦਰਾਂ ‘ਤੇ ਕੁੱਲ 3,959 ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ 751 ਉਮੀਦਵਾਰਾਂ ਨੂੰ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਗੈਰ-ਹਾਜ਼ਰ ਉਮੀਦਵਾਰਾਂ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ ਕੁੱਲ ਸਫਲਤਾ ਦਰ ਲਗਭਗ 19 ਫੀਸਦੀ ਬਣਦੀ ਹੈ।
ਇੱਕ ਸੈਂਟਰ ਤੋਂ 24 ਫੀਸਦੀ ਉਮੀਦਵਾਰਾਂ ਦੀ ਚੋਣ ਦਾ ਦਾਅਵਾ ਗਲਤ
PPSC ਦੇ ਚੇਅਰਮੈਨ ਨੇ ਕਿਹਾ ਕਿ ਇਹ ਦਾਅਵਾ ਗਲਤ ਹੈ ਕਿ ਕੁੱਲ ਚੁਣੇ ਗਏ ਉਮੀਦਵਾਰਾਂ ਵਿੱਚੋਂ 24 ਫੀਸਦੀ ਉਮੀਦਵਾਰ ਇੱਕੋ ਪ੍ਰੀਖਿਆ ਕੇਂਦਰ ਤੋਂ ਸਫਲ ਹੋਏ ਹਨ। ਉਨ੍ਹਾਂ ਅਨੁਸਾਰ ਕਿਸੇ ਵੀ ਇੱਕ ਸੈਂਟਰ ਤੋਂ ਵੱਧ ਤੋਂ ਵੱਧ 106 ਉਮੀਦਵਾਰਾਂ ਦੀ ਚੋਣ ਹੋਈ ਹੈ, ਜੋ ਕੁੱਲ 751 ਚੁਣੇ ਗਏ ਉਮੀਦਵਾਰਾਂ ਦਾ 14.1 ਫੀਸਦੀ ਹੈ। ਸਬੰਧਤ ਪ੍ਰੀਖਿਆ ਕੇਂਦਰ ਵਿੱਚ 496 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਇਹ 12 ਕੇਂਦਰਾਂ ਵਿੱਚੋਂ ਦੂਜਾ ਸਭ ਤੋਂ ਵੱਡਾ ਸੈਂਟਰ ਸੀ। ਅਜਿਹੇ ਵਿੱਚ ਉੱਥੋਂ ਵੱਧ ਗਿਣਤੀ ਵਿੱਚ ਉਮੀਦਵਾਰਾਂ ਦੀ ਚੋਣ ਹੋਣਾ ਸੁਭਾਵਿਕ ਹੈ।
179 ਕਲਾਸਰੂਮਾਂ ਵਿੱਚੋਂ ਸਿਰਫ਼ ਤਿੰਨ ਵਿੱਚ 10 ਜਾਂ ਇਸ ਤੋਂ ਵੱਧ ਉਮੀਦਵਾਰ ਸਫਲ
ਇੱਕੋ ਕਲਾਸਰੂਮ ਵਿੱਚੋਂ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਦੀ ਚੋਣ ਹੋਣ ਸਬੰਧੀ ਉੱਠੇ ਸਵਾਲਾਂ ਦਾ ਜਵਾਬ ਦਿੰਦਿਆਂ ਚੇਅਰਮੈਨ ਨੇ ਦੱਸਿਆ ਕਿ ਕੁੱਲ 179 ਕਲਾਸਰੂਮਾਂ ਵਿੱਚ ਪ੍ਰੀਖਿਆ ਕਰਵਾਈ ਗਈ ਸੀ। ਇਨ੍ਹਾਂ ਵਿੱਚੋਂ ਸਿਰਫ਼ ਤਿੰਨ ਕਲਾਸਰੂਮ ਅਜਿਹੇ ਸਨ, ਜਿੱਥੋਂ 10 ਜਾਂ ਇਸ ਤੋਂ ਵੱਧ ਉਮੀਦਵਾਰ ਇੰਟਰਵਿਊ ਲਈ ਸਫਲ ਹੋਏ। ਇਨ੍ਹਾਂ ਤਿੰਨ ਕਲਾਸਰੂਮਾਂ ਵਿੱਚੋਂ ਕ੍ਰਮਵਾਰ 11, 10 ਅਤੇ 10 ਉਮੀਦਵਾਰ ਸਫਲ ਹੋਏ ਹਨ।
ਉਨ੍ਹਾਂ ਕਿਹਾ ਕਿ 179 ਕਲਾਸਰੂਮਾਂ ਦੇ ਮੁਕਾਬਲੇ 751 ਸਫਲ ਉਮੀਦਵਾਰਾਂ ਦੀ ਔਸਤ ਕੱਢੀ ਜਾਵੇ ਤਾਂ ਹਰੇਕ ਕਲਾਸਰੂਮ ਵਿੱਚੋਂ ਲਗਭਗ 4.2 ਉਮੀਦਵਾਰਾਂ ਦੀ ਚੋਣ ਬਣਦੀ ਹੈ। ਅਜਿਹੇ ਵਿੱਚ ਕਿਸੇ ਕਲਾਸਰੂਮ ਵਿੱਚੋਂ ਦੋ ਅਤੇ ਕਿਸੇ ਵਿੱਚੋਂ ਅੱਠ ਜਾਂ 10 ਉਮੀਦਵਾਰਾਂ ਦਾ ਸਫਲ ਹੋਣਾ ਆਮ ਅੰਕੜਾ-ਵਿਗਿਆਨਕ ਫਰਕ ਦੇ ਦਾਇਰੇ ਵਿੱਚ ਆਉਂਦਾ ਹੈ।
ਚੇਅਰਮੈਨ ਨੇ ਸਾਲ 2018 ਅਤੇ 2020 ਦੀਆਂ PCS ਮੇਨਜ਼ ਪ੍ਰੀਖਿਆਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਪ੍ਰੀਖਿਆਵਾਂ ਵਿੱਚ ਵੀ ਇੱਕੋ ਕਲਾਸਰੂਮ ਵਿੱਚੋਂ ਅੱਠ ਤੋਂ ਨੌਂ ਉਮੀਦਵਾਰਾਂ ਤੱਕ ਦੀ ਚੋਣ ਹੋਈ ਸੀ, ਜਦਕਿ ਉਸ ਸਮੇਂ ਚੁਣੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ ਮੌਜੂਦਾ ਪ੍ਰੀਖਿਆ ਦੇ ਮੁਕਾਬਲੇ ਕਾਫ਼ੀ ਘੱਟ ਸੀ।
ਲਗਾਤਾਰ ਰੋਲ ਨੰਬਰ ਵਾਲੇ ਉਮੀਦਵਾਰਾਂ ਦੀ ਚੋਣ ਦਾ ਪੁਰਾਣਾ ਰੁਝਾਨ
ਲਗਾਤਾਰ ਰੋਲ ਨੰਬਰ ਵਾਲੇ ਉਮੀਦਵਾਰਾਂ ਦੇ ਇੰਟਰਵਿਊ ਲਈ ਚੁਣੇ ਜਾਣ ਦੇ ਮੁੱਦੇ ‘ਤੇ ਵੀ PPSC ਵੱਲੋਂ ਅੰਕੜੇ ਪੇਸ਼ ਕੀਤੇ ਗਏ। ਚੇਅਰਮੈਨ ਅਨੁਸਾਰ ਸਾਲ 2018 ਵਿੱਚ 153 ਸ਼ਾਰਟਲਿਸਟ ਕੀਤੇ ਉਮੀਦਵਾਰਾਂ ਵਿੱਚ ਲਗਾਤਾਰ ਰੋਲ ਨੰਬਰ ਵਾਲੇ 26 ਗਰੁੱਪ ਸਾਹਮਣੇ ਆਏ ਸਨ, ਜਦਕਿ ਸਾਲ 2020 ਵਿੱਚ 177 ਚੁਣੇ ਗਏ ਉਮੀਦਵਾਰਾਂ ਵਿੱਚ ਅਜਿਹੇ 28 ਗਰੁੱਪ ਸਨ।
ਉੱਥੇ ਹੀ ਸਾਲ 2025 ਵਿੱਚ 751 ਉਮੀਦਵਾਰਾਂ ਦੀ ਚੋਣ ਦੌਰਾਨ ਲਗਾਤਾਰ ਰੋਲ ਨੰਬਰ ਵਾਲੇ 118 ਗਰੁੱਪ ਬਣੇ ਹਨ। ਚੇਅਰਮੈਨ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਅੰਕੜਿਆਂ ਨਾਲ ਤੁਲਨਾ ਕਰਨ ‘ਤੇ ਇਹ ਗਿਣਤੀ ਅਸਧਾਰਨ ਨਹੀਂ ਹੈ ਅਤੇ ਇਸ ਨੂੰ ਆਪਣੇ ਆਪ ਵਿੱਚ ਕਿਸੇ ਗੜਬੜੀ ਦਾ ਸਬੂਤ ਨਹੀਂ ਮੰਨਿਆ ਜਾ ਸਕਦਾ।
ਗੈਰ-ਹਾਜ਼ਰ ਉਮੀਦਵਾਰ ਦੀ ਚੋਣ ਦਾ ਦੋਸ਼ ਬੇਬੁਨਿਆਦ
ਪ੍ਰੀਖਿਆ ਵਿੱਚ ਗੈਰ-ਹਾਜ਼ਰ ਰਹਿਣ ਵਾਲੇ ਉਮੀਦਵਾਰਾਂ ਦੇ ਸਫਲ ਹੋਣ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਚੇਅਰਮੈਨ ਨੇ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਇੱਕ ਵੀ ਅਜਿਹਾ ਉਮੀਦਵਾਰ ਨਹੀਂ ਹੈ, ਜੋ ਪ੍ਰੀਖਿਆ ਵਿੱਚ ਗੈਰ-ਹਾਜ਼ਰ ਰਿਹਾ ਹੋਵੇ ਅਤੇ ਉਸ ਨੂੰ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਸਾਰੇ ਪ੍ਰੀਖਿਆ ਕੇਂਦਰਾਂ ‘ਤੇ ਬਾਇਓਮੈਟ੍ਰਿਕ ਦੇ ਨਾਲ-ਨਾਲ ਮੈਨੂਅਲ ਹਾਜ਼ਰੀ ਵੀ ਦਰਜ ਕੀਤੀ ਗਈ ਸੀ।
ਸਿਆਸੀ ਦਖਲਅੰਦਾਜ਼ੀ ਦੇ ਦੋਸ਼ਾਂ ‘ਤੇ ਚੇਅਰਮੈਨ ਨੇ ਕੀ ਕਿਹਾ ?
ਪ੍ਰੀਖਿਆ ਕੇਂਦਰਾਂ ਦੀ ਚੋਣ ਨੂੰ ਲੈ ਕੇ ਲਗਾਏ ਜਾ ਰਹੇ ਸਿਆਸੀ ਦੋਸ਼ਾਂ ਬਾਰੇ ਚੇਅਰਮੈਨ ਨੇ ਕਿਹਾ ਕਿ ਕੇਂਦਰਾਂ ਦਾ ਨਿਰਧਾਰਨ ਪ੍ਰਸ਼ਾਸਨਿਕ, ਲੌਜਿਸਟਿਕ ਅਤੇ ਸੁਰੱਖਿਆ ਸਬੰਧੀ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਸੀ। ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੇਂਦਰ ਬਣਾਏ ਗਏ ਤਾਂ ਜੋ ਪ੍ਰੀਖਿਆ ਨੂੰ ਇੱਕਸਾਰ ਅਤੇ ਸੁਰੱਖਿਅਤ ਪ੍ਰਬੰਧਾਂ ਹੇਠ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ PPSC ਵੱਲੋਂ ਹੁਣ ਤੱਕ ਕਰਵਾਈਆਂ ਗਈਆਂ ਸਿਵਲ ਸਰਵਿਸਿਜ਼ ਮੇਨਜ਼ ਪ੍ਰੀਖਿਆਵਾਂ ਵਿੱਚ ਵੀ ਇਸੇ ਤਰ੍ਹਾਂ ਦੀ ਵਿਵਸਥਾ ਅਪਣਾਈ ਜਾਂਦੀ ਰਹੀ ਹੈ।
ਕਿਸੇ ਖਾਸ ਵਿਧਾਨ ਸਭਾ ਹਲਕੇ ਵਿੱਚ ਪ੍ਰੀਖਿਆ ਕੇਂਦਰ ਹੋਣ ਅਤੇ ਉੱਥੋਂ ਦੇ ਵਿਧਾਇਕ ਦੇ ਸੱਤਾਧਾਰੀ ਪਾਰਟੀ ਨਾਲ ਸਬੰਧਤ ਹੋਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਲਈ ਕਈ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਸੱਤਾਧਾਰੀ ਪਾਰਟੀ ਨਾਲ ਸਬੰਧਤ ਹੋ ਸਕਦੇ ਹਨ। ਭਵਿੱਖ ਵਿੱਚ ਕਿਸੇ ਹੋਰ ਪਾਰਟੀ ਦੀ ਸਰਕਾਰ ਬਣਨ ‘ਤੇ ਵੀ ਸਬੰਧਤ ਇਲਾਕਿਆਂ ਵਿੱਚ ਪ੍ਰੀਖਿਆ ਕੇਂਦਰ ਹੋਣ ਨੂੰ ਲੈ ਕੇ ਇਹੋ ਜਿਹਾ ਸਵਾਲ ਉੱਠ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਹ ਸਿਆਸੀ ਮਾਮਲਿਆਂ ਤੋਂ ਦੂਰ ਰਹਿੰਦੇ ਹਨ ਅਤੇ ਇਸ ਵਿਸ਼ੇ ‘ਤੇ ਕੋਈ ਸਿਆਸੀ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ PPSC ਵਿੱਚ ਆਪਣੇ ਲਗਭਗ ਡੇਢ ਸਾਲ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਜਾਂ ਸਿਆਸੀ ਵਿਅਕਤੀ ਵੱਲੋਂ ਕਦੇ ਕੋਈ ਫੋਨ ਜਾਂ ਦਬਾਅ ਨਹੀਂ ਆਇਆ ਅਤੇ ਨਾ ਹੀ ਕਮਿਸ਼ਨ ਦੇ ਕੰਮਕਾਜ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਹੋਈ ਹੈ।
ਤਿੰਨ ਗੁਣਾ ਉਮੀਦਵਾਰਾਂ ਨੂੰ ਇੰਟਰਵਿਊ ਲਈ ਕਿਉਂ ਨਹੀਂ ਬੁਲਾਇਆ ਗਿਆ ?
331 ਅਸਾਮੀਆਂ ਦੇ ਮੁਕਾਬਲੇ 993 ਉਮੀਦਵਾਰਾਂ ਨੂੰ ਇੰਟਰਵਿਊ ਲਈ ਸ਼ਾਰਟਲਿਸਟ ਨਾ ਕੀਤੇ ਜਾਣ ਦੇ ਸਵਾਲ ‘ਤੇ ਚੇਅਰਮੈਨ ਨੇ ਕਿਹਾ ਕਿ ਤਿੰਨ ਗੁਣਾ ਉਮੀਦਵਾਰਾਂ ਦੀ ਚੋਣ ਕਰਨ ਦਾ ਨਿਯਮ ਸਾਰੀਆਂ 21 ਸ਼੍ਰੇਣੀਆਂ (ਕੈਟਾਗਰੀਆਂ) ਲਈ ਵੱਖ-ਵੱਖ ਲਾਗੂ ਹੁੰਦਾ ਹੈ। ਹਰੇਕ ਸ਼੍ਰੇਣੀ ਵਿੱਚ ਅਸਾਮੀਆਂ ਦੀ ਗਿਣਤੀ, ਪੁਰਸ਼-ਮਹਿਲਾ ਰਾਖਵਾਂਕਰਨ ਅਤੇ ਹੋਰ ਨਿਰਧਾਰਤ ਨਿਯਮਾਂ ਅਨੁਸਾਰ ਚੋਣ ਕੀਤੀ ਜਾਂਦੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਤਿੰਨ ਗੁਣਾ ਉਮੀਦਵਾਰਾਂ ਨੂੰ ਉਦੋਂ ਹੀ ਸ਼ਾਰਟਲਿਸਟ ਕੀਤਾ ਜਾ ਸਕਦਾ ਹੈ, ਜਦੋਂ ਉਹ ਹਰੇਕ ਪੇਪਰ ਵਿੱਚ ਨਿਰਧਾਰਤ ਘੱਟੋ-ਘੱਟ ਅੰਕ ਅਤੇ ਕੁੱਲ ਨਿਰਧਾਰਤ ਯੋਗਤਾ ਅੰਕ ਹਾਸਲ ਕਰਦੇ ਹੋਣ। ਜੇਕਰ ਕਿਸੇ ਸ਼੍ਰੇਣੀ ਵਿੱਚ ਲੋੜੀਂਦੀ ਗਿਣਤੀ ਵਿੱਚ ਉਮੀਦਵਾਰ ਘੱਟੋ-ਘੱਟ ਯੋਗਤਾ ਪੂਰੀ ਨਹੀਂ ਕਰਦੇ ਤਾਂ ਕਮਿਸ਼ਨ ਨਿਯਮਾਂ ਅਨੁਸਾਰ ਸਿਰਫ਼ ਉਪਲਬਧ ਯੋਗ ਉਮੀਦਵਾਰਾਂ ਨੂੰ ਹੀ ਸ਼ਾਰਟਲਿਸਟ ਕਰ ਸਕਦਾ ਹੈ।
ਪ੍ਰੀਖਿਆ ਕੇਂਦਰਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਦਾਅਵਾ
PPSC ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਪ੍ਰੀਖਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਬਣਾਈ ਰੱਖਣ ਲਈ ਸਾਰੇ ਕੇਂਦਰਾਂ ‘ਤੇ CCTV ਕੈਮਰੇ, ਕੰਟਰੋਲ ਰੂਮ, ਬਾਇਓਮੈਟ੍ਰਿਕ ਹਾਜ਼ਰੀ ਅਤੇ ਹਰੇਕ ਕਲਾਸਰੂਮ ਵਿੱਚ ਜੈਮਰ ਲਗਾਏ ਗਏ ਸਨ। ਕਮਿਸ਼ਨ ਨੇ ਦਾਅਵਾ ਕੀਤਾ ਕਿ ਪੂਰੀ ਪ੍ਰੀਖਿਆ ਦੌਰਾਨ ਸਖ਼ਤ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ।
