ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਯੂ-ਟਿਊਬਰਾਂ ਤੇ ਟ੍ਰੈਵਲ ਬਲਾਗਰਾਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ। ਦਰਅਸਲ ਸੂਬੇ ਦੇ 800 ਤੋਂ ਜ਼ਿਆਦਾ ਯੂ-ਟਿਊਬਰ ਅਤੇ ਟ੍ਰੈਵਲ ਬਲਾਗਰ ਪੁਲਸ ਦੇ ਨਿਸ਼ਾਨੇ ‘ਤੇ ਹਨ। ਪੁਲਸ ਨੇ ਅਜਿਹੇ ਯੂ-ਟਿਊਬਰਾਂ ਤੇ ਟ੍ਰੈਵਲ ਬਲਾਗਰਾਂ ਨੂੰ ਨਿਸ਼ਾਨੇ ‘ਤੇ ਲਿਆ ਹੈ, ਜਿਨ੍ਹਾਂ ਦੇ ਵੀਡੀਓ ‘ਚ ਪਾਕਿਸਤਾਨ ਨਾਲ ਸਬੰਧਿਤ ਕੰਟੈਂਟ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਗੁਆਂਢੀ ਮੁਲਕ ‘ਚ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਸਿਰਫ ਇੰਨਾ ਹੀ ਨਹੀਂ, ਇਨ੍ਹਾਂ ਯੂ-ਟਿਊਬਰਾਂ ਤੇ ਟ੍ਰੈਵਲ ਬਲਾਗਰਾਂ ਵਲੋਂ ਸੂਬੇ ਦੇ ਸਰਹੱਦੀ ਇਲਾਕਿਆਂ ਤੋਂ ਲੈ ਕੇ ਧਾਰਮਿਕ ਸਥਾਨਾਂ, ਕਾਰੀਡੋਰ ਅਤੇ ਅਤਿ-ਸੰਵੇਦਨਸ਼ੀਲ ਫ਼ੌਜੀ ਟਿਕਾਣਿਆਂ ਦੇ ਨੇੜੇ ਟਿਕਾਣਿਆਂ ‘ਤੇ ਵੀਡੀਓ ਸਾਂਝੀਆਂ ਕਰਦੇ ਹਨ।
ਇਸ ਤਰ੍ਹਾਂ ਇਹ ਲੋਕ ਕੌਮੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੇ ਹਨ। ਇਸ ਲਈ ਪੰਜਾਬ ਪੁਲਸ ਹੁਣ ਉਕਤ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ‘ਚ ਜੁੱਟ ਗਈ ਹੈ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਦਾ ਕਹਿਣਾ ਹੈ ਕਿ ਸਪੈਸ਼ਲ ਟੈਕਨੀਕਲ ਮਾਹਿਰਾਂ ਦੀ ਟੀਮ ਇਸ ਦੀ ਮਾਨੀਟਰਿੰਗ ਕਰ ਰਹੀ ਹੈ।
ਇਕ ਹਿੰਦੀ ਅਖ਼ਬਾਰ ਦੀ ਖ਼ਬਰ ਮੁਤਾਬਕ ਪੰਜਾਬ ਪੁਲਸ ਨੇ ਇਸ ਸਾਲ 10 ਅਪ੍ਰੈਲ ਤੱਕ 121 ਸੋਸ਼ਲ ਮੀਡੀਆ ਅਕਾਊਂਟਾਂ ਨੂੰ ਬਲਾਕ ਕੀਤਾ ਹੈ, ਜੋ ਵਿਦੇਸ਼ ਬੈਠੇ ਗੈਂਗਸਟਰਾਂ ਨਾਲ ਜੁੜੀਆਂ ਪੋਸਟਾਂ ਅਤੇ ਉਨ੍ਹਾਂ ਦੇ ਨੈੱਟਵਰਕ ਵਿਚਕਾਰ ਇਕ ਤਰ੍ਹਾਂ ਦਾ ਡਾਟਾ ਸ਼ੇਅਰਿੰਗ ਅਤੇ ਗੱਲਬਾਤ ਦਾ ਮਾਧਿਅਮ ਬਣੇ ਹੋਏ ਸਨ। ਬੀਤੇ ਸਾਲ ਪੰਜਾਬ ਪੁਲਸ ਨੇ 483 ਸੋਸ਼ਲ ਮੀਡੀਆ ਅਕਾਊਂਟਾਂ ਨੂੰ ਬਲਾਕ ਕੀਤਾ ਸੀ, ਜੋ ਗੈਂਗਸਟਰਾਂ ਨਾਲ ਜੁੜੇ ਹੋਏ ਸਨ।
