ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲਿਆਉਣ ਲਈ ਅੰਮ੍ਰਿਤਸਰ ਦਿਹਾਤੀ ਪੁਲਸ ਦੀ ਇੱਕ ਟੀਮ ਆਸਾਮ ਦੀ ਡਿੱਬਰੂਗੜ ਜੇਲ ਵੱਲ ਰਵਾਨਾ ਹੋ ਗਈ ਹੈ। ਇਹ ਟੀਮ ਅੰਮ੍ਰਿਤਪਾਲ ਨੂੰ ਟਰਾਂਜਿਟ ਰਿਮਾਂਡ ‘ਤੇ ਪੰਜਾਬ ਲਿਆਉਣ ਦੀ ਤਿਆਰੀ ਕਰ ਰਹੀ ਹੈ, ਕਿਉਂਕਿ ਉਸ ‘ਤੇ ਲਗਾਇਆ ਗਿਆ ਕਾਲਾ ਕਾਨੂੰਨ ਐਨਐਸਏ (ਨੈਸ਼ਨਲ ਸਿਕਯੂਰਟੀ ਐਕਟ) 23 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ।
ਪੁਲਸ ਅਧਿਕਾਰੀਆਂ ਅਨੁਸਾਰ ਅੰਮ੍ਰਿਤਪਾਲ ਨੂੰ ਅਜਨਾਲਾ ਥਾਣੇ ‘ਚ ਦਰਜ ਇਕ ਐਫ ਆਈ ਆਰ ਦੇ ਮਾਮਲੇ ਵਿੱਚ ਪੰਜਾਬ ਲਿਆ ਕੇ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਐਫਆਈਆਰ ‘ਚ ਉਸ ਉੱਤੇ ਗੰਭੀਰ ਧਾਰਾਵਾਂ ਹੇਠ ਕਾਨੂੰਨੀ ਕਾਰਵਾਈ ਦੀ ਯੋਜਨਾ ਬਣਾਈ ਗਈ ਹੈ।
ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪਿਛਲੇ ਸਾਲ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਹੋ ਰਹੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਗ੍ਰਿਫ਼ਤਾਰ ਕਰਕੇ ਐਨਐਸਏ ਤਹਿਤ ਆਸਾਮ ਭੇਜਿਆ ਗਿਆ ਸੀ। ਉਹ ਅਜੇ ਤੱਕ ਡਿੱਬਰੂਗੜ ਦੀ ਜੇਲ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਨੌ ਸਾਥੀਆਂ ਨੂੰ ਵੀ ਐਨਐਸਏ ਦੀ ਮਿਆਦ ਖਤਮ ਹੋਣ ਤੋਂ ਬਾਅਦ ਆਸਾਮ ਤੋਂ ਟਰਾਂਜਿਟ ਰਿਮਾਂਡ ‘ਤੇ ਪੰਜਾਬ ਲਿਆ ਕੇ ਇਥੇ ਅਦਾਲਤ ‘ਚ ਪੇਸ਼ ਕੀਤਾ ਜਾ ਚੁੱਕਾ ਹੈ।