ਰਾਜੀਵ ਸ਼ਰਮਾ :- ਓਡੀਸ਼ਾ ਦੀ ਪ੍ਰਾਚੀਨ ਸਮੁੰਦਰੀ ਵਿਰਾਸਤ ਅਤੇ ਸੱਭਿਆਚਾਰ ਨੂੰ ਦਰਸਾਉਣ ਵਾਲੇ ਇਤਿਹਾਸਕ ‘ਕਟਕ ਬਾਲੀ ਯਾਤਰਾ’ ਮਹੋਤਸਵ ਦਾ ਉਦਘਾਟਨ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕਰਨਗੇ। ਰਾਸ਼ਟਰਪਤੀ ਆਪਣੀ ਦੋ ਦਿਨਾਂ ਦੀ ਓਡੀਸ਼ਾ ਯਾਤਰਾ ਦੌਰਾਨ 24 ਨਵੰਬਰ ਦੀ ਸ਼ਾਮ ਨੂੰ ਕਟਕ ਵਿੱਚ ਮਹਾਨਦੀ ਦੇ ਕੰਢੇ ਸਥਿਤ ਬਾਲੀ ਯਾਤਰਾ ਮੈਦਾਨ ਵਿੱਚ ਪਹੁੰਚਣਗੇ। ਉਨ੍ਹਾਂ ਦੇ ਇੱਥੇ ਪਹੁੰਚਣ ਲਈ ਕਿਸ਼ਤੀ ਅਤੇ ਬੈਟਰੀ ਨਾਲ ਚੱਲਣ ਵਾਲੇ ਵਾਹਨ ਦੀ ਵਰਤੋਂ ਕੀਤੀ ਜਾਵੇਗੀ। ਇਸ ਉਦਘਾਟਨੀ ਸਮਾਗਮ ਵਿੱਚ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਅਤੇ ਰਾਜਪਾਲ ਬ੍ਰਜ ਮੋਹਨ ਰਾਮ ਵੀ ਸ਼ਿਰਕਤ ਕਰਨਗੇ।
ਮੇਲੇ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਨੇ ਸਮਾਗਮ ਵਾਲੀ ਥਾਂ ਦੇ ਆਲੇ-ਦੁਆਲੇ 5 ਕਿਲੋਮੀਟਰ ਦੇ ਘੇਰੇ ਨੂੰ ‘ਨੋ-ਡਰੋਨ ਜ਼ੋਨ’ ਐਲਾਨ ਦਿੱਤਾ ਹੈ। ਇਸ ਇਲਾਕੇ ਵਿੱਚ ਡਰੋਨ ਉਡਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਮਹਾਨਦੀ ਦੇ ਕੰਢੇ ਕਰੀਬ 60 ਏਕੜ ਰਕਬੇ ਵਿੱਚ ਲੱਗਣ ਵਾਲਾ ਇਹ ਵਿਸ਼ਾਲ ਮੇਲਾ 24 ਨਵੰਬਰ ਤੋਂ 1 ਦਸੰਬਰ ਤੱਕ ਚੱਲੇਗਾ। ਇਸ ਮੇਲੇ ਦਾ ਸਬੰਧ ਪ੍ਰਾਚੀਨ ਕਲਿੰਗ ਰਾਜ ਦੇ ਵਪਾਰੀਆਂ ਦੀਆਂ ਸਮੁੰਦਰੀ ਯਾਤਰਾਵਾਂ ਨਾਲ ਹੈ। ਇਤਿਹਾਸਕ ਤੌਰ ’ਤੇ ਕਲਿੰਗ ਦੇ ਵਪਾਰੀ ਜਾਵਾ, ਸੁਮਾਤਰਾ ਅਤੇ ਬਾਲੀ ਵਰਗੇ ਟਾਪੂਆਂ ਨਾਲ ਸਮੁੰਦਰੀ ਰਸਤੇ ਰਾਹੀਂ ਵਪਾਰ ਕਰਦੇ ਸਨ। ਬਾਲੀ ਯਾਤਰਾ ਮਹੋਤਸਵ ਇਨ੍ਹਾਂ ਪੁਰਾਣੀਆਂ ਸਮੁੰਦਰੀ ਯਾਤਰਾਵਾਂ ਅਤੇ ਭਾਰਤ ਦੀ ਵਪਾਰਕ ਵਿਰਾਸਤ ਦੀ ਯਾਦ ਵਿੱਚ ਹਰ ਸਾਲ ਕਰਵਾਇਆ ਜਾਂਦਾ ਹੈ।
