ਡੇਰਾ ਬੱਸੀ 2 ਅਪ੍ਰੈਲ (ਗੁਰਪ੍ਰੀਤ ਸਿੰਘ): ਇਨਸਾਨੀਅਤ ਅਤੇ ਚੰਗੇ ਕਰਮ ਹੀ ਵਿਅਕਤੀ ਦੀ ਅਸਲੀ ਸਫਲਤਾ ਦਾ ਅਧਾਰ ਬਣ ਸਕਦੇ ਹਨ, ਜਦਕਿ ਮੁਕਤੀ ਦਾ ਕੋਈ ਸ਼ਾਰਟਕੱਟ ਨਹੀਂ ਹੈ। ਇਹ ਗੱਲ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ, ਕੇ.ਪੀ. ਸ਼ਰਮਾ ਨੇ ਪਿੰਡ ਮੁਬਾਰਕਪੁਰ (ਮੇਨ ਬਾਜ਼ਾਰ) ਵਿਖੇ ਦੁਕਾਨਦਾਰਾਂ ਵੱਲੋਂ ਆਯੋਜਿਤ ਜਾਗਰਣ ਸਮਾਗਮ ਦੌਰਾਨ ਕਹੀ।
ਉਨ੍ਹਾਂ ਕਿਹਾ ਕਿ ਹਰ ਧਰਮ ਚੰਗੇ ਕਰਮਾਂ ਦਾ ਸੁਨੇਹਾ ਦਿੰਦਾ ਹੈ ਅਤੇ ਇਨਸਾਨ ਨੂੰ ਆਪਣੇ ਕਰਮਾਂ ਅਨੁਸਾਰ ਹੀ ਨਤੀਜਾ ਮਿਲਣਾ ਹੈ, ਅਸੀਂ ਆਪਣੇ ਆਪਣੇ ਕਰਮ ਸੁਧਾਰ ਕੇ ਜਿੱਥੇ ਆਪਣਾ ਜੀਵਨ ਸੁਧਾਰ ਸਕਦੇ ਹਾਂ ਉੱਥੇ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਵੀ ਯੋਗਦਾਨ ਪਾ ਸਕਦੇ ਹਾਂ ।

ਇਸ ਮੌਕੇ ਸਥਾਨਕ ਦੁਕਾਨਦਾਰਾਂ ਵੱਲੋਂ ਆਯੋਜਿਤ ਇਸ ਸਮਾਗਮ ਦੌਰਾਨ ਮਾਤਾ ਦੇ ਮੰਦਿਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਆਪਣੇ ਹਲਕੇ ਦੇ ਹੀ ਜੰਮਪਲ ਪ੍ਰਸਿੱਧ ਗਾਇਕ ਅਜੈਬ ਸੰਧੂ ਨੇ ਆਪਣੇ ਭਜਨਾਂ ਰਾਹੀਂ ਲੋਕਾਂ ਨੂੰ ਨਿਹਾਲ ਕੀਤਾ ।ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਵਜੋਂ ਪੁੱਜੇ ਕੇ.ਪੀ.ਸ਼ਰਮਾਂ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਸਥਾਨਕ ਦੁਕਾਨਦਾਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਥਾਨਕ ਸੰਗਤ ਨੇ ਸ਼ਾਮਲ ਹੋ ਕੇ ਮਾਤਾ ਦਾ ਗੁਣਗਾਨ ਕੀਤਾ ।