ਸੁਖਮਨੀ ਕਾਲਜ ਡੇਰਾਬੱਸੀ ਦੇ ਬਾਹਰ ਕਰਮਚਾਰੀਆਂ ਦੀ ਬਹਾਲੀ ਨੂੰ ਲੈ ਕੇ ਰੋਸ ਪ੍ਰਦਰਸ਼ਨ

ਗੁਰਪ੍ਰੀਤ ਸਿੰਘ :- ਸ੍ਰੀ ਸੁਖਮਨੀ ਕਾਲਜ ਡੇਰਾਬੱਸੀ ਦੀ ਮੈਨੇਜਮੈਂਟ ਵੱਲੋਂ ਕਥਿਤ ਤੌਰ ਉਤੇ ਗੈਰਕਾਨੂੰਨੀ ਢੰਗ ਨਾਲ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਦੀ ਮੁੜ ਬਹਾਲੀ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਹੁਣ ਹੋਰ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਵੱਖ-ਵੱਖ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਕਾਲਜ ਦੇ ਮੁੱਖ ਗੇਟ ਦੇ ਬਾਹਰ ਇਕੱਠੇ ਹੋ ਕੇ ਮੈਨੇਜਮੈਂਟ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕਾਲਜ ਮੈਨੇਜਮੈਂਟ ਦੇ ਪੀਆਰਓ ਰਛਪਾਲ ਸਿੰਘ ਦਾ ਪੁਤਲਾ ਫੂਕਿਆ ਗਿਆ ਅਤੇ ਮੈਨੇਜਮੈਂਟ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਪਿਛਲੇ ਕਈ ਮਹੀਨਿਆਂ ਤੋਂ ਪ੍ਰਭਾਵਿਤ ਕਰਮਚਾਰੀ ਆਪਣੀ ਨੌਕਰੀ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ।

ਜਥੇਬੰਦੀਆਂ ਦੇ ਆਗੂਆਂ ਮੁਤਾਬਕ ਮਾਰਚ 2026 ਦੌਰਾਨ ਕਾਲਜ ਪ੍ਰਬੰਧਨ ਵੱਲੋਂ ਕਰੀਬ 15 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਇਨ੍ਹਾਂ ਵਿੱਚ ਬੱਸ ਡਰਾਈਵਰਾਂ ਤੋਂ ਇਲਾਵਾ ਮਾਲੀ ਤੇ ਸੇਵਾਦਾਰ ਮਹਿਲਾਵਾਂ ਵੀ ਸ਼ਾਮਲ ਹਨ। ਆਗੂਆਂ ਦਾ ਦੋਸ਼ ਹੈ ਕਿ ਇਨ੍ਹਾਂ ਕਰਮਚਾਰੀਆਂ ਨੇ ਆਪਣੀ ਨੌਕਰੀ ਬਚਾਉਣ ਅਤੇ ਮੁੜ ਬਹਾਲੀ ਲਈ ਮੈਨੇਜਮੈਂਟ ਕੋਲ ਕਈ ਵਾਰ ਬੇਨਤੀਆਂ ਕੀਤੀਆਂ, ਪਰ ਉਨ੍ਹਾਂ ਦੀਆਂ ਮੰਗਾਂ ਉਤੇ ਕੋਈ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਰਮਚਾਰੀਆਂ ਦੀ ਬਹਾਲੀ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਨਾ ਤਾਂ ਕਾਲਜ ਮੈਨੇਜਮੈਂਟ ਵੱਲੋਂ ਮਸਲੇ ਦਾ ਹੱਲ ਕੱਢਿਆ ਗਿਆ ਤੇ ਨਾ ਹੀ ਪ੍ਰਸ਼ਾਸਨ ਜਾਂ ਕਿਰਤ ਵਿਭਾਗ ਵੱਲੋਂ ਅਜਿਹਾ ਕੋਈ ਪ੍ਰਭਾਵਸ਼ਾਲੀ ਕਦਮ ਚੁੱਕਿਆ ਗਿਆ, ਜਿਸ ਨਾਲ ਪ੍ਰਭਾਵਿਤ ਕਰਮਚਾਰੀਆਂ ਨੂੰ ਇਨਸਾਫ਼ ਮਿਲ ਸਕੇ।

ਜਥੇਬੰਦੀ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਮਾਮਲਾ ਸਿਰਫ਼ 15 ਕਰਮਚਾਰੀਆਂ ਦੀ ਨੌਕਰੀ ਦਾ ਨਹੀਂ, ਸਗੋਂ ਕਥਿਤ ਤੌਰ ‘ਤੇ ਮਜ਼ਦੂਰਾਂ ਦੇ ਹੱਕਾਂ ਅਤੇ ਰੁਜ਼ਗਾਰ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੇ ਪ੍ਰਭਾਵਿਤ ਕਰਮਚਾਰੀਆਂ ਨੂੰ ਮੁੜ ਨੌਕਰੀ ‘ਤੇ ਬਹਾਲ ਨਹੀਂ ਕੀਤਾ ਜਾਂਦਾ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

By Gurpreet Singh

Leave a Reply

Your email address will not be published. Required fields are marked *