ਨੈਸ਼ਨਲ ਟਾਈਮਜ਼ ਬਿਊਰੋ :- ਸਮਾਣਾ ਬਸ ਸਟੈਂਡ ਦੇ ਨੇੜਲੇ ਇਲਾਕੇ ‘ਚ ਵਾਟਰ ਸਪਲਾਈ ਵਿਭਾਗ ਵੱਲੋਂ ਪਾਈਪ ਲਾਉਣ ਦੇ ਕੰਮ ਦੌਰਾਨ ਸੜਕ ਉੱਤੇ ਇੱਕ ਵੱਡਾ ਟੋਇਆ ਪੁੱਟਿਆ ਸੀ। ਹਾਲਾਂਕਿ ਕੰਮ ਮੁਕੰਮਲ ਹੋਣ ਦੇ ਬਾਵਜੂਦ, ਟੋਏ ਨੂੰ ਢੰਗ ਨਾਲ ਮਿੱਟੀ ਨਾਲ ਨਹੀਂ ਭਰਿਆ ਗਿਆ। ਮਾਮੂਲੀ ਬਰਸਾਤ ਹੋਣ ਤੋਂ ਬਾਅਦ ਇਹ ਖੱਡਾ ਧਸ ਗਿਆ ਅਤੇ ਪੀਆਰਟੀਸੀ ਦੀ ਇੱਕ ਬੱਸ ਜਿਸ ‘ਚ ਸਵਾਰੀਆਂ ਸਨ, ਉਸ ‘ਚ ਫਸ ਗਈ।
ਖ਼ੁਸ਼ਕਿਸਮਤੀ ਨਾਲ, ਸਵਾਰੀਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡਰਾਈਵਰ ਅਤੇ ਲੋਕਾਂ ਦੀ ਸਚੇਤੀ ਨਾਲ ਬੱਸ ਦੇ ਅੱਗੇ ਵਾਲੇ ਹਿੱਸੇ ਤੋਂ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ। ਹਾਦਸੇ ਦੇ ਚਲਦੇ ਦੋਨੋ ਪਾਸਿਆਂ ਤੇ ਟਰੈਫਿਕ ਜਾਮ ਲੱਗ ਗਿਆ ਤੇ ਲੋਕਾਂ ਨੂੰ ਕਾਫ਼ੀ ਔਖਾ ਹੋਇਆ। ਜੇਕਰ ਬੱਸ ਪੂਰੀ ਤਰ੍ਹਾਂ ਪਲਟ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਨਿਵਾਸੀਆਂ ਨੇ ਪ੍ਰਸ਼ਾਸਨ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਲੋਕਾਂ ਨੇ ਮੰਗ ਕੀਤੀ ਕਿ ਸਮਾਣਾ ਬਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਲਿਜਾਇਆ ਜਾਵੇ ਤਾਂ ਜੋ ਐਸੀ ਹਾਦਸੇ ਵਾਲੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਨਾਲ ਹੀ, ਵਾਟਰ ਸਪਲਾਈ ਵਿਭਾਗ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਲੋੜ ਦੱਸੀ ਜਾ ਰਹੀ ਹੈ, ਤਾਂ ਜੋ ਆਮ ਲੋਕਾਂ ਦੀ ਜ਼ਿੰਦਗੀ ਖ਼ਤਰੇ ‘ਚ ਨਾ ਪਵੇ।
