ਨੈਸ਼ਨਲ ਟਾਈਮਜ਼ ਬਿਊਰੋ :- ਥਾਣਾ ਦਾਖਾ ਅਧੀਨ ਪੈਂਦੇ ਇਕ ਪਿੰਡ ਵਿਚ ਇਕ ਮਤਰੇਏ ਬਾਪ ਨੇ ਆਪਣੀ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕਰਕੇ ਉਸ ਨੂੰ ਗਰਭਵਤੀ ਕਰ ਦਿੱਤਾ ਅਤੇ ਪਿਓ ਦੇ ਰਿਸ਼ਤੇ ਨੂੰ ਕਲੰਕਿਤ ਕਰਕੇ ਰੱਖ ਦਿੱਤਾ। ਪੀੜਤਾ ਨੇ ਪੁਲਸ ਕੋਲ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੇਰੇ ਪਹਿਲੇ ਪਿਤਾ ਦੀ ਮੌਤ ਹੋ ਗਈ ਹੈ, ਜਿਸ ਕਰਕੇ ਮੇਰੀ ਮਾਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ । ਮੇਰੀ ਮਾਤਾ ਪਿੰਡ ਵਿਚ ਲੋਕਾ ਦੇ ਘਰਾਂ ਵਿਚ ਕੰਮ ਕਰਦੀ ਹੈ। ਮੇਰਾ ਮਤਰੇਆ ਪਿਤਾ ਜੋ ਕਿ ਮੇਰੇ ਨਾਲ ਪਿਛਲੇ ਪੰਜ ਸਾਲਾਂ ਤੋਂ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਂਦਾ ਆ ਰਿਹਾ ਹੈ ਅਤੇ ਮੈਨੂੰ ਡਰਾਉਂਦਾ ਧਮਕਾਉਂਦਾ ਸੀ ਕਿ ਜੇਕਰ ਤੂੰ ਇਹ ਗੱਲ ਕਿਸੇ ਨੂੰ ਦੱਸੀ ਤਾਂ ਮੈਂ ਤੈਨੂੰ ਜਾਨੋਂ ਮਾਰ ਦਿਆਂਗਾ। ਉਸ ਨੇ ਡਰਦੇ ਮਾਰੇ ਕਿਸੇ ਕੋਲ ਇਹ ਗੱਲ ਨਹੀਂ ਕੀਤੀ।
ਉਕਤ ਨੇ ਦੱਸਿਆ ਕਿ ਜਦੋਂ ਮੇਰੀ ਸਿਹਤ ਵਿਗੜੀ ਤਾਂ ਮੈਂ ਇਸ ਬਾਰੇ ਆਪਣੀ ਮਾਤਾ ਨਾਲ ਗੱਲਬਾਤ ਕੀਤੀ ਤਾਂ ਮੇਰੀ ਮਾਤਾ ਨੇ ਲੈਬੋਟਰੀ ਤੋਂ ਚੈਕਅੱਪ ਕਰਵਾਇਆ ਤਾਂ ਲੇਬੋਟਰੀ ਵਾਲਿਆਂ ਨੇ ਮੈਨੂੰ 3 ਮਹੀਨੇ ਦੀ ਗਰਭਵਤੀ ਦੱਸਿਆ। ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ। ਪੀੜਤਾ ਨੇ ਦੱਸਿਆ ਕਿ ਮੇਰਾ ਮਤਰੇਆ ਪਿਤਾ ਪਿਛਲੇ 5 ਸਾਲ ਤੋਂ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਂਦਾ ਆ ਰਿਹਾ ਹੈ। ਥਾਣਾ ਦਾਖਾ ਦੇ ਮੁਖੀ ਹਮਰਾਜ ਸਿੰਘ ਚੀਮਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਐੱਸ. ਆਈ. ਕਿਰਨਦੀਪ ਕੌਰ ਕਰ ਰਹੀ ਹੈ ਜਿਸ ਨੇ ਪੀੜਤਾ ਦਾ ਮੈਡੀਕਲ ਕਰਵਾਉਣ ਉਪਰੰਤ ਕਲਯੁਗੀ ਬਾਪ ਵਿਰੁੱਧ ਜ਼ਬਰ-ਜਿਨਾਹ ਅਤੇ ਪੋਕਸੋ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ।
