ਮੋਹਾਲੀ (ਗੁਰਪ੍ਰੀਤ ਸਿੰਘ), 25 ਜਨਵਰੀ 2026: ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐੱਸਐੱਸਓਸੀ) ਨੇ ਪਾਕਿਸਤਾਨ ਤੋਂ ਸੰਚਾਲਿਤ ਅੱਤਵਾਦੀ ਨੈੱਟਵਰਕ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਜੰਮੂ ਦੇ ਰਹਿਣ ਵਾਲੇ ਰਮਨ ਕੁਮਾਰ ਉਰਫ਼ ਗੋਲੂ ਨੂੰ ਗਿਰਫਤਾਰ ਕੀਤਾ ਹੈ। ਇਹ ਵਿਅਕਤੀ ਪਾਕਿਸਤਾਨ ਅਧਾਰਤ ਅੱਤਵਾਦੀ ਸ਼ਹਿਜ਼ਾਦ ਭੱਟੀ ਦਾ ਨਜ਼ਦੀਕੀ ਸਾਥੀ ਮੰਨਿਆ ਜਾਂਦਾ ਹੈ। ਗਿਰਫਤਾਰੀ ਦੌਰਾਨ ਉਸ ਕੋਲੋਂ ਇੱਕ .30 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਰਮਨ ਕੁਮਾਰ ਇੰਸਟਾਗ੍ਰਾਮ ਅਤੇ ਵਟਸਐਪ ਰਾਹੀਂ ਸ਼ਹਿਜ਼ਾਦ ਭੱਟੀ ਨਾਲ ਸਿੱਧਾ ਸੰਪਰਕ ਵਿੱਚ ਸੀ। ਉਹ ਅੰਬਾਲਾ ਪੁਲਿਸ ਸਟੇਸ਼ਨ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ ਵੀ ਸ਼ਾਮਲ ਸੀ ਅਤੇ ਧਮਾਕੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਵਿੱਤੀ ਮਦਦ ਪਹੁੰਚਾਉਣ ਵਿੱਚ ਵੀ ਹਿੱਸੇਦਾਰ ਰਿਹਾ। ਇਸ ਗਿਰਫਤਾਰੀ ਨੂੰ ਅੱਤਵਾਦ ਵਿਰੋਧੀ ਮੁਹਿੰਮ ਵਿੱਚ ਮਹੱਤਵਪੂਰਨ ਸਫਲਤਾ ਮੰਨਿਆ ਜਾ ਰਿਹਾ ਹੈ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਪੁਲਿਸ ਪਾਕਿਸਤਾਨ ਦੀ ਆਈਐੱਸਆਈ ਵੱਲੋਂ ਪ੍ਰਾਯੋਜਿਤ ਅੰਤਰਰਾਸ਼ਟਰੀ ਅੱਤਵਾਦ ਅਤੇ ਸੰਗਠਿਤ ਅਪਰਾਧ ਨੈੱਟਵਰਕਾਂ ਨੂੰ ਤਬਾਹ ਕਰਨ ਲਈ ਪੂਰੀ ਤਾਕਤ ਨਾਲ ਜੁਟੀ ਹੋਈ ਹੈ। ਇਹ ਕਾਰਵਾਈ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੇ ਉਦੇਸ਼ ਨੂੰ ਮਜ਼ਬੂਤ ਕਰਨ ਵਾਲੀ ਹੈ।
ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਰਮਨ ਕੁਮਾਰ ਨੂੰ ਪਹਿਲਾਂ ਅੰਬਾਲਾ ਪੁਲਿਸ ਨੇ ਧਮਾਕੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਉਸ ਨੂੰ ਪੰਜਾਬ ਲਿਆਂਦਾ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਉਸ ਦੇ ਬਿਆਨ ‘ਤੇ ਕਾਰਵਾਈ ਕਰਦਿਆਂ ਹਥਿਆਰ ਬਰਾਮਦ ਕੀਤਾ। ਜਾਂਚ ਦੌਰਾਨ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸ਼ਹਿਜ਼ਾਦ ਭੱਟੀ ਨੇ ਆਪਣੇ ਏਜੰਟਾਂ ਰਾਹੀਂ ਇਹ ਪਿਸਤੌਲ ਰਮਨ ਨੂੰ ਪਹੁੰਚਾਈ ਸੀ। ਹੁਣ ਟੀਮਾਂ ਹੋਰ ਸਾਥੀਆਂ ਅਤੇ ਨੈੱਟਵਰਕ ਨੂੰ ਉਜਾਗਰ ਕਰਨ ਲਈ ਕੰਮ ਕਰ ਰਹੀਆਂ ਹਨ।
ਪੰਜਾਬ ਪੁਲਿਸ ਨੇ ਇਸ ਗਿਰਫਤਾਰੀ ਨੂੰ ਸਰਹੱਦ ਪਾਰ ਅੱਤਵਾਦ ਨੂੰ ਰੋਕਣ ਵਿੱਚ ਅਹਿਮ ਕਦਮ ਦੱਸਿਆ ਹੈ ਅਤੇ ਲੋਕਾਂ ਨੂੰ ਅਜਿਹੇ ਨੈੱਟਵਰਕਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ।
