ਨੈਸ਼ਨਲ ਟਾਈਮਜ਼ ਬਿਊਰੋ :- ਤਰਨਤਾਰਨ ਦੀ ਸੀਆਈਏ ਸਟਾਫ ਪੁਲਸ ਵੱਲੋਂ 2 ਸਮਗਲਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਸਮੱਗਲਰ ਪਾਕਿਸਤਾਨ ਤੋਂ ਡਰੋਨ ਰਾਹੀਂ ਅਧੁਨਿਕ ਹਥਿਆਰ ਮੰਗਵਾਉਣ ਸਨ। ਪੁਲਸ ਵੱਲੋਂ ਮੁਲਜ਼ਮ ਪਾਸੋਂ 4 ਪੀ.ਐਕਸ ਪਿਸਤੌਲ,9 ਐਮ.ਐਮ 2 ਗਲੋਕ ਅਤੇ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ।
ਇਹ ਬਰਾਮਦਗੀ ਇਕ ਖਾਸ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਤਰਨਤਾਰਨ ਪੁਲਸ ਨੇ ਪਾਕਿਸਤਾਨ ਨਾਲ ਜੁੜੇ ਇੱਕ ਸਰਹੱਦ ਪਾਰ ਹਥਿਆਰ ਤਸਕਰੀ ਮੈਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਮਾਮਲੇ ਵਿੱਚ ਪਿੰਡ ਲਖਨਾ ਤੋਂ ਸੂਰਜਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਸੰਬੰਧ ਵਿਚ ਤਰਨਤਰਨ ਪੁਲਸ ਦੇ ਉੱਚ ਅਧਿਕਾਰੀ ਜਲਦ ਪ੍ਰੈਸ ਕਾਨਫਰੰਸ ਕਰਦੇ ਹੋਏ ਬਰੀਕੀ ਨਾਲ ਜਾਣਕਾਰੀ ਸਾਂਝੀ ਕਰਨਗੇ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੁਲਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਲਖਨਾ ਦੇ ਵਿਅਕਤੀਆਂ ਦੇ ਸੰਬੰਧ ਪਾਕਿਸਤਾਨ ਨਾਲ ਬਣੇ ਹੋਏ ਹਨ, ਜੋ ਪਹਿਲਾਂ ਵੀ ਕਈ ਵਾਰ ਖੇਪਾ ਮੰਗਵਾ ਚੁੱਕੇ ਹਨ। ਇਸ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ (ਡੀ) ਗੁਰਿੰਦਰ ਪਾਲ ਸਿੰਘ ਨਾਗਰਾ ਵੱਲੋਂ ਜਾਂਚ ਸ਼ੁਰੂ ਕਰਦੇ ਹੋਏ ਲਗਾਏ ਗਏ ਨਾਕੇ ਤੋਂ ਉਕਤ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਨ੍ਹਾਂ ਪਾਸੋਂ 6 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿਚ ਹੋਰ ਕਿੰਨੇ ਵਿਅਕਤੀ ਸ਼ਾਮਲ ਹਨ ਅਤੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਿੱਥੇ ਕੀਤੀ ਜਾਣੀ ਸੀ ਅਤੇ ਕਿਸ ਰਾਹੀਂ ਸਪਲਾਈ ਕੀਤੇ ਜਾਣੇ ਸਨ।
