ਚੰਡੀਗੜ੍ਹ- ਪੰਜਾਬ ਪੁਲਸ ਨੇ ਸੰਗਠਿਤ ਅਪਰਾਧ ਅਤੇ ਗੈਂਗਸਟਰਾਂ ‘ਤੇ ਕੰਟਰੋਲ ਕਰਨ ਲਈ ਇੱਕ ਨਵੀਂ ਸ਼ੁਰੂਆਤ ਕੀਤੀ ਹੈ। ਇਸੇ ਤਹਿਤ ਵਿਸ਼ੇਸ਼ ਹੈਲਪਲਾਈਨ ਲਾਂਚ ਕੀਤੀ ਗਈ ਹੈ, ਜਿਸ ‘ਤੇ ਮਿਲਣ ਵਾਲੀਆਂ ਕਾਲਾਂ ਤੁਰੰਤ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਸਬੰਧਤ ਜ਼ਿਲ੍ਹਾ ਪੁਲਸ ਨੂੰ ਭੇਜੀਆਂ ਜਾਣਗੀਆਂ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਸਾਂਝੀ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਇਹ ਹੈਲਪਲਾਈਨ ਟੋਲ-ਫ੍ਰੀ ਨੰਬਰ 1800 330 1100 ਲਾਂਚ ਕੀਤਾ ਹੈ। ਇਸ ਟੋਲ-ਫ੍ਰੀ ਨੰਬਰ 1800 330 1100 ਸਿਰਫ਼ ਸੰਗਠਿਤ ਤੇ ਗੈਂਗਸਟਰ ਅਪਰਾਧਾਂ ਨਾਲ ਜੁੜੇ ਮਾਮਲਿਆਂ ਲਈ ਵਰਤਿਆ ਜਾਵੇਗਾ।
ਡੀ. ਜੀ. ਪੀ. ਨੇ ਕਿਹਾ ਜੇਕਰ ਕਿਸੇ ਨੂੰ ਗੈਂਗਸਟਰਾਂ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਹੁੰਦੀ ਹੈ, ਜਾਂ ਪੁਲਸ ਨਾਲ ਗੁਪਤ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੁੰਦੀ ਹੈ, ਤਾਂ ਉਨ੍ਹਾਂ ਨੂੰ ਇਸ ਹੈਲਪਲਾਈਨ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਾਲ ਕਰਨ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰਹੇਗੀ ਅਤੇ ਕਾਲਾਂ ‘ਤੇ ਤੁਰੰਤ ਧਿਆਨ ਦਿੱਤਾ ਜਾਵੇਗਾ। AGTF ਅਧਿਕਾਰੀ ਇਨ੍ਹਾਂ ਕਾਲਾਂ ਨੂੰ ਸੰਭਾਲਣਗੇ, ਅਤੇ ਐਮਰਜੈਂਸੀ ਦੀ ਸਥਿਤੀ ਵਿੱਚ, ਸਬੰਧਤ ਜ਼ਿਲ੍ਹਾ ਪੁਲਸ ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ।
ਡੀਜੀਪੀ ਆਪ ਕੀਤੀ ਕਾਲ ਦੀ ਜਾਂਚ
ਲਾਂਚ ਦੌਰਾਨ, ਡੀਜੀਪੀ ਗੌਰਵ ਯਾਦਵ ਨੇ ਨੰਬਰ ‘ਤੇ ਕਾਲ ਕਰਕੇ ਹੈਲਪਲਾਈਨ ਦੀ ਜਾਂਚ ਕੀਤੀ। ਕਾਲ ਪ੍ਰਾਪਤ ਕਰਨ ‘ਤੇ, ਆਪਰੇਟਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ। ਡੀਜੀਪੀ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਹੈਲਪਲਾਈਨ ‘ਤੇ ਪ੍ਰਾਪਤ ਹੋਈਆਂ ਸਾਰੀਆਂ ਕਾਲਾਂ ‘ਤੇ ਤੁਰੰਤ ਅਤੇ ਸਰਗਰਮ ਕਾਰਵਾਈ ਕੀਤੀ ਜਾਵੇ।
