ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਡਾਕਟਰ ਨੂੰ ਮਾਰੀ ਗੋਲ਼ੀ, ਪੁਲਸ ਨੇ ਜਾਰੀ ਕੀਤਾ ਅਲਰਟ

ਗੁਰਪ੍ਰੀਤ ਸਿੰਘ :- ਸਰਹੱਦੀ ਇਲਾਕੇ ਵਿਚ ਮੌਜੂਦ ਪਿੰਡ ਅਮਰਕੋਟ ਵਿਖੇ ਅੱਜ ਸਵੇਰੇ 11 ਵਜੇ ਨਕਾਬ ਪੋਸ਼ ਹਮਲਾਵਰਾਂ ਵੱਲੋਂ ਜੱਜ ਮੈਡੀਕਲ ਸਟੋਰ ਉੱਪਰ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਗੋਲੀਬਾਰੀ ਵਿਚ ਦੁਕਾਨ ਮਾਲਕ ਸੁਨੀਲ ਅਰੋੜਾ ਗਭੀਰ ਜ਼ਖਮੀ ਹੋ ਗਿਆ। ਫਿਰੌਤੀ ਨਾ ਦੇਣ ਦੇ ਚੱਲਦਿਆਂ ਹਮਲਾਵਰ ਇਸ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਜਿਸ ਦੇ ਪਿੱਛੇ ਗੈਂਗਸਟਰ ਪ੍ਰਭ ਦਾਸੂਵਾਲ ਦਾ ਨਾਮ ਦੱਸਿਆ ਜਾ ਰਿਹਾ ਹੈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਜਿੱਥੇ ਦੁਕਾਨ ਮਾਲਕ ਨੂੰ ਜ਼ਖਮੀ ਹਾਲਤ ਵਿਚ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਇਲਾਕੇ ਵਿਚ ਅਲਰਟ ਜਾਰੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਕਸਬਾ ਅਮਰਕੋਟ ਵਿਖੇ ਮੌਜੂਦ ਜੱਜ ਮੈਡੀਕਲ ਸਟੋਰ ਦੇ ਮਾਲਕ ਸੁਨੀਲ ਅਰੋੜਾ ਪੁੱਤਰ ਜੱਜਪਾਲ ਅਰੋੜਾ ਨਿਵਾਸੀ ਅਮਰਕੋਟ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੀ ਦੁਕਾਨ ਖੋਲ ਕੇ ਕੰਮਕਾਜ ਕਰ ਰਿਹਾ ਸੀ। 

ਇਸ ਦੌਰਾਨ ਇਕ ਮੋਟਰਸਾਈਕਲ ਉੱਪਰ ਸਵਾਰ ਤਿੰਨ ਨਕਾਬਪੋਸ਼ ਹਮਲਾਵਰਾਂ ਵੱਲੋਂ ਦੁਕਾਨ ਅੱਗੇ ਖੜੇ ਹੋ ਕੇ ਚਾਰ ਰੋਂਦ ਫਾਇਰ ਕੀਤੇ ਗਏ। ਇਸ ਫਾਇਰਿੰਗ ਦੌਰਾਨ ਦੁਕਾਨ ਅੱਗੇ ਲੱਗਾ ਸ਼ੀਸ਼ਾ ਟੁੱਟ ਗਿਆ ਅਤੇ ਗੋਲੀਆਂ ਆਰ ਪਾਰ ਹੋ ਗਈਆਂ। ਇਸ ਫਾਇਰਿੰਗ ਵਿਚ ਦੁਕਾਨ ਅੰਦਰ ਮੌਜੂਦ ਸੁਨੀਲ ਅਰੋੜਾ ਦੀ ਲੱਤ ਉਪਰ ਸ਼ਰੇ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ ਭਿੱਖੀ ਪਿੰਡ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਫਾਇਰਿੰਗ ਪਿੱਛੇ ਗੈਂਗਸਟਰ ਪ੍ਰਭ ਦਾਸੂਵਾਲ ਦਾ ਹੱਥ ਦੱਸਿਆ ਜਾ ਰਿਹਾ ਹੈ ਜਿਸ ਵੱਲੋਂ ਦੁਕਾਨ ਮਾਲਕ ਪਾਸੋਂ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਬੀਤੇ ਕੁਝ ਮਹੀਨਿਆਂ ਤੋਂ ਕੀਤੀ ਜਾ ਰਹੀ ਸੀ।

ਇਸ ਵਾਰਦਾਤ ਤੋਂ ਬਾਅਦ ਪਰਿਵਾਰ ਵਿਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ ਅਤੇ ਇਲਾਕੇ ਵਿਚ ਦੁਕਾਨਦਾਰਾਂ ਵੱਲੋਂ ਫਿਰੌਤੀ ਦੇ ਲਗਾਤਾਰ ਚੱਲ ਰਹੇ ਸਿਲਸਿਲੇ ਨੂੰ ਪੁਲਸ ਪ੍ਰਸ਼ਾਸਨ ਪਾਸੋਂ ਰੋਕਣ ਦੀ ਮੰਗ ਕਰ ਰਹੇ ਹਨ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਪਾਸੋਂ ਕਾਨੂੰਨੀ ਕਾਰਵਾਈ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿਚ ਲੈਣ ਦੌਰਾਨ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

By Gurpreet Singh

Leave a Reply

Your email address will not be published. Required fields are marked *