ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਦੋ ਸੋਸ਼ਲ ਮੀਡੀਆ ਇੰਨਫਲੂਐੰਸਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੀਆਂ ਵੀਡੀਓਜ਼ ਅਪਲੋਡ ਤੇ ਪ੍ਰਸਾਰਿਤ ਕਰਦੇ ਸਨ। ਪੁਲਿਸ ਅਨੁਸਾਰ ਦੋਵੇਂ ਅੱਤਵਾਦ ਨੂੰ ਉਤਸ਼ਾਹਿਤ ਕਰਨ ’ਚ ਸਰਗਰਮ ਸਨ ਤੇ ਭੱਟੀ ਦਾ ਸਮਰਥਨ ਕਰ ਰਹੇ ਸਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮਨਵੀਰ ਸਿੰਘ ੳਰਫ ਮਨੀ ਮੂਸੇ ਵਾਲਾ ਵਾਸੀ ਪਿੰਡ ਘੰਗਸ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਤੇ ਸੁਖਵੀਰ ਸਿੰਘ ਵਾਸੀ ਮਾਨਸਾ ਵਜੋਂ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਸ਼ੁਰੂ ’ਚ ਆਪਣੇ ਸੋਸ਼ਲ ਮੀਡੀਆ ‘ਤੇ ਆਪਣੇ ਫਾਲੋਅਰਜ਼ ਵਧਾਉਣ ਲਈ ਆਏ ਸਨ, ਪਰ ਬਾਅਦ ’ਚ ਇਸ ਨੈੱਟਵਰਕ ਦਾ ਹਿੱਸਾ ਬਣ ਗਏ। ਹੁਣ ਪੁਲਿਸ ਉਨ੍ਹਾਂ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰ ਰਹੀ ਹੈ ਤੇ ਪਤਾ ਲਗਾ ਰਹੀ ਹੈ ਕਿ ਭੱਟੀ ਨੇ ਆਪਣੇ ਮਾਮਲੇ ’ਚ ਕਿੰਨੇ ਲੋਕਾਂ ਨੂੰ ਫਸਾਇਆ ਹੈ। ਸੁਖਵੀਰ ਸਿੰਘ ਵਿਰੁੱਧ ਸਾਲ 2020 ’ਚ ਕਤਲ ਦਾ ਮਾਮਲਾ ਦਰਜ ਹੈ। ਉਹ ਲਗਭਗ 2 ਸਾਲ ਬਠਿੰਡਾ ਤੇ ਮਾਨਸਾ ਜੇਲ੍ਹ ’ਚ ਰਿਹਾ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸੁਖਵੀਰ ਨੇ ਸੋਸ਼ਲ ਮੀਡੀਆ ‘ਤੇ ਆਪਣੇ ਆਪ ਨੂੰ ਸਰਗਰਮ ਕਰ ਲਿਆ ਤੇ ਇੰਸਟਾਗ੍ਰਾਮ ਪਲੇਟਫਾਰਮ ‘ਤੇ ਪ੍ਰਸਿੱਧ ਹੋ ਗਿਆ।
ਪੰਜਾਬ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੀ ਵੀਡੀਓ ਵਾਇਰਲ ਕਰਨ ਦੇ ਦੋਸ਼ ’ਚ ਦੋ ਨੂੰ ਕੀਤਾ ਗ੍ਰਿਫ਼ਤਾਰ
