ਸੱਤ ਦਿਨਾਂ ਦੀ ਜਾਂਚ ਤੋਂ ਬਾਅਦ ਗੋਰਖਪੁਰ ਤੋਂ ਚੰਡੀਗੜ੍ਹ ਪਰਤੀ ਪੰਜਾਬ ਵਿਜੀਲੈਂਸ ਟੀਮ, ਨਾਲ ਲਿਆਈ ਮਜੀਠੀਆ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼

ਨੈਸ਼ਨਲ ਟਾਈਮਜ਼ ਬਿਊਰੋ :- ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਵਿਜੀਲੈਂਸ ਦੀ ਟੀਮ ਦਸਤਾਵੇਜ਼ਾਂ ਦੀ ਫੋਟੋ ਕਾਪੀ ਲੈ ਕੇ ਗੋਰਖਪੁਰ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਗਈ। ਸਰਈਆ ਡਿਸਟਿਲਰੀ ’ਚ ਸੱਤ ਦਿਨਾਂ ਤੱਕ ਚੱਲੀ ਜਾਂਚ ਦੌਰਾਨ ਟੀਮ ਨੇ 10 ਹਜ਼ਾਰ ਪੰਨਿਆਂ ਦੀ ਫੋਟੋ ਕਾਪੀ ਕਰਵਾਈ ਤੇ ਲੇਖਾ ਵਿਭਾਗ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ। ਇਹ ਜਾਂਚ ਡਿਸਟਿਲਰੀ ਵਿਚ ਮਜੀਠੀਆ ਦੀ ਕਥਿਤ ਹਿੱਸੇਦਾਰੀ ਅਤੇ ਕਰੋੜਾਂ ਦੇ ਵਿੱਤੀ ਲੈਣ-ਦੇਣ ਸਬੰਧੀ ਕੀਤੀ ਗਈ ਸੀ।

ਪੰਜਾਬ ਵਿਜੀਲੈਂਸ ਦੀ ਅੱਠ ਮੈਂਬਰੀ ਟੀਮ ਸ਼ਨਿਚਰਵਾਰ ਨੂੰ ਗੋਰਖਪੁਰ ਪੁੱਜੀ ਸੀ। ਸਰਈਆ ਡਿਸਟਿਲਰੀ ’ਚ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਦੌਰਾਨ ਟੀਮ ਨੇ ਉਤਪਾਦਨ, ਵਿਕਰੀ ਤੇ ਸ਼ੇਅਰ ਹੋਲਡਿੰਗ ਨਾਲ ਸੰਬੰਧਿਤ ਰਿਕਾਰਡ ਦੇਖੇ। ਟੀਮ ਦੀ ਅਗਵਾਈ ਕਰ ਰਹੇ ਐੱਸਪੀ ਰੈਂਕ ਦੇ ਅਧਿਕਾਰੀ ਨੇ ਮੁਲਾਜ਼ਮਾਂ ਤੋਂ ਗੁਪਤ ਤਰੀਕੇ ਨਾਲ ਪੁੱਛਗਿੱਛ ਕੀਤੀ। ਡੇਢ ਮਹੀਨੇ ਪਹਿਲਾਂ ਵਿਜੀਲੈਂਸ ਦੀ ਇਕ ਹੋਰ ਟੀਮ ਗੋਰਖਪੁਰ ਆਈ ਸੀ ਜਿਸ ਨੇ ਆਬਕਾਰੀ ਵਿਭਾਗ ਨਾਲ ਜੁੜੇ ਰਿਕਾਰਡ ਕਬਜ਼ੇ ਵਿਚ ਲਏ ਸਨ। ਇਸ ਵਾਰੀ ਦੀ ਕਾਰਵਾਈ ਉਸੇ ਜਾਂਚ ਦਾ ਦੂਜਾ ਗੇੜ ਮੰਨਿਆ ਜਾ ਰਿਹਾ ਹੈ ਜਿਸ ਵਿਚ ਡਿਸਟਿਲਰੀ ਅੰਦਰਲੇ ਵਿੱਤੀ ਸੰਚਾਲਨ ਦੀ ਪਰਤਾਂ ਖੰਘਾਲੀਆਂ ਗਈਆਂ।

ਸੂਤਰਾਂ ਮੁਤਾਬਕ, ਟੀਮ ਹੁਣ ਇਨ੍ਹਾਂ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਫੋਰੈਂਸਿਕ ਤੇ ਵਿੱਤੀ ਪੜਤਾਲ ਕਰੇਗੀ। ਇਸ ਦੇ ਆਧਾਰ ’ਤੇ ਹੀ ਅੱਗੇ ਪੁੱਛਗਿੱਛ ਕਰਨ ਦੇ ਨਾਲ-ਨਾਲ ਚਾਰਜਸ਼ੀਟ ਦੀ ਦਿਸ਼ਾ ਵੀ ਤੈਅ ਕੀਤੀ ਜਾਵੇਗੀ। ਡਿਸਟਿਲਰੀ ਤੋਂ ਇਲਾਵਾ ਟੀਮ ਕਿਸੇ ਹੋਰ ਜਗ੍ਹਾ ’ਤੇ ਨਹੀਂ ਗਈ। ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਸ਼ੂਗਰ ਮਿੱਲ ਦੇ ਨਾਲ-ਨਾਲ ਮਜੀਠੀਆ ਪਰਿਵਾਰ ਦੀ ਰਿਹਾਇਸ਼ ’ਤੇ ਵੀ ਵਿਜੀਲੈਂਸ ਦੀ ਟੀਮ ਜਾ ਸਕਦੀ ਹੈ।

By Gurpreet Singh

Leave a Reply

Your email address will not be published. Required fields are marked *