
ਨੈਸ਼ਨਲ ਟਾਈਮਜ਼ ਬਿਊਰੋ :- ਬਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿਚ ਪੰਜਾਬੀ ਗਾਇਕ ਜੈਜ਼ੀ ਬੀ, ਚੰਨੀ ਨੱਟਣ ਅਤੇ ਇੰਦਰਪਾਲ ਮੋਗਾ ਨੇ ਪ੍ਰਾਂਤ ਦੀ ਵਿਧਾਨ ਸਭਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਵਿਧਾਨ ਸਭਾ ਦੇ ਪਾਰਲੀਮੈਂਟਰੀ ਡਾਈਨਿੰਗ ਰੂਮ ਵਿਚ ਲੰਚ ਲਈ ਸੱਦਾ ਦਿੱਤਾ ਗਿਆ। ਜਿੱਥੇ ਇੱਕ ਪਾਸੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ, ਓਥੇ ਦੂਜੇ ਪਾਸੇ ਕੁਝ ਵਿਧਾਇਕਾਂ ਵੱਲੋਂ ਇਸ ਉੱਤੇ ਵਿਰੋਧ ਵੀ ਦਰਜ ਕਰਵਾਇਆ ਗਿਆ।

ਵਿਧਾਨ ਸਭਾ ਵਿਚ ਤਿੰਨੇ ਪੰਜਾਬੀ ਗਾਇਕਾਂ ਨੇ ਪ੍ਰੀਮੀਅਰ ਡੇਵਿਡ ਐਬੀ ਅਤੇ ਹੋਰ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪ੍ਰੀਮੀਅਰ ਐਬੀ ਨਾਲ ਤਸਵੀਰਾਂ ਵੀ ਖਿੱਚਵਾਈਆਂ। ਸਟੀਵ ਕੁਨਰ ਨੇ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਹਾਜ਼ਰੀ ਦੀ ਸਰਾਹਣਾ ਕੀਤੀ। ਸਟੀਵਨ ਕੁਨਰ, ਜੋ ਰਿਚਮੰਡ-ਕੁਇੰਸਬੋਰੋ ਹਲਕੇ ਤੋਂ ਵਿਧਾਇਕ ਹਨ, ਇਕ ਤਜਰਬੇਕਾਰ ਵਕੀਲ ਹਨ ਅਤੇ 2024 ਦੇ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਟਿਕਟ ਉਤੇ ਜਿੱਤ ਹਾਸਿਲ ਕਰਕੇ ਵਿਧਾਨ ਸਭਾ ਵਿੱਚ ਪਹੁੰਚੇ ਸਨ। ਉਨ੍ਹਾਂ ਦਾ ਪੰਜਾਬੀ ਸੰਗੀਤ ਨਾਲ ਡੂੰਘਾ ਨਾਤਾ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਕੇ.ਐੱਸ. ਕੁਨਰ 1980 ਦੇ ਦਹਾਕੇ ਵਿੱਚ ਇੱਕ ਪ੍ਰਸਿੱਧ ਪੰਜਾਬੀ ਗਾਇਕ ਰਹੇ ਹਨ।

ਗਾਇਕਾਂ ਦੇ ਪਹੁੰਚਣ ‘ਤੇ ਵਿਵਾਦ ਵੀ ਉੱਠਿਆ
ਵਿਧਾਨ ਸਭਾ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਸਟੀਵ ਕੁਨਰ ਵੱਲੋਂ ਉਨ੍ਹਾਂ ਗਾਇਕਾਂ ਦੀ ਕੀਤੀ ਸਰਾਹਣਾ ਨੂੰ ਲੈ ਕੇ ਰਾਜਨੀਤਿਕ ਵਿਵਾਦ ਖੜਾ ਹੋ ਗਿਆ। ਇੰਡਿਪੈਂਡੈਂਟ ਵਿਧਾਇਕ ਡੈਲਸ ਬਰਾਡੀ ਨੇ ਇਸ ਸਨਮਾਨ ਨੂੰ “ਵਿਧਾਨ ਸਭਾ ਦਾ ਅਪਮਾਨ” ਦੱਸਿਆ। ਵਿਵਾਦ ਦਾ ਕੇਂਦਰ ਜੈਜ਼ੀ ਬੀ ਬਣੇ, ਜਿਨ੍ਹਾਂ ‘ਤੇ ਖਾਲਿਸਤਾਨੀ ਅੰਦੋਲਨ ਨਾਲ ਜੁੜਾਅ ਦੇ ਦੋਸ਼ ਲਗਾਏ ਗਏ। ਇਹ ਘਟਨਾ ਕਨੇਡਾ ਵਿੱਚ ਸੱਭਿਆਚਾਰਕ ਨੁਮਾਇੰਦਗੀ ਅਤੇ ਜਨਤਕ ਸਮਰਥਨ ਦੇ ਰਾਜਨੀਤਿਕ ਪ੍ਰਭਾਵਾਂ ‘ਤੇ ਵਿਸ਼ਤ੍ਰਿਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਅਕਤੂਬਰ 2024 ਤੋਂ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ ਵੈਂਕੂਵਰ-ਕੁਇਲਚੈਨਾ ਹਲਕੇ ਦੀ ਨੁਮਾਇੰਦਗੀ ਕਰ ਰਹੀ ਡੈਲਸ ਬਰਾਡੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਵਿਚ ਲਿਖਿਆ:
“ਅੱਜ ਕੁਝ ਪ੍ਰਮੁੱਖ ਖਾਲਿਸਤਾਨ ਸਮਰਥਕ ਸ਼ਖਸੀਅਤਾਂ ਦਾ ਬੀ.ਸੀ. ਵਿਧਾਨ ਸਭਾ ਵਿੱਚ ਸਵਾਗਤ ਕੀਤਾ ਗਿਆ, ਜਿਸ ਵਿੱਚ ਬੀ.ਸੀ. ਕੰਜ਼ਰਵੇਟਿਵਜ਼ ਅਤੇ ਐਨ.ਡੀ.ਪੀ.– ਦੋਵੇਂ ਧਿਰਾਂ ਦੇ ਵਿਧਾਇਕ ਸ਼ਾਮਲ ਸਨ। ਇਨ੍ਹਾਂ ਵਿਅਕਤੀਆਂ ਵਿੱਚੋਂ ਕੁਝ ਨੇ ਆਪਣੇ ਮਿਊਜ਼ਿਕ ਵੀਡੀਓਜ਼ ਵਿੱਚ ਖੁੱਲ੍ਹੇਆਮ ਹਿੰਸਕ ਉਗਰਵਾਦੀਆਂ ਅਤੇ ਕਾਤਲਾਂ ਦੀ ਸ਼ਾਨ ਵਧਾਈ ਹੈ। ਇਹ ਸਾਡੀ ਵਿਧਾਨ ਸਭਾ ਦਾ ਅਪਮਾਨ ਹੈ।”
