ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਰਹਿੰਦੇ ਭਦੌੜ ਨਿਵਾਸੀ ਲਖਵਿੰਦਰ ਸਿੰਘ ਭੁੱਲਰ (ਉਮਰ 39 ਸਾਲ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਦੁਖਦਾਈ ਖ਼ਬਰ ਮਿਲਦੇ ਹੀ ਪਿੰਡ ਭਦੌੜ ਵਿੱਚ ਸ਼ੌਕ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਲਗਭਗ 11 ਸਾਲ ਪਹਿਲਾਂ ਵਰਕ ਪਰਮਿਟ ‘ਤੇ ਅਮਰੀਕਾ ਗਿਆ ਸੀ ਅਤੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਹੁਣ ਉਸਦੀ ਜ਼ਿੰਦਗੀ ਸਥਿਰ ਹੋਣੀ ਸ਼ੁਰੂ ਹੋਈ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ — ਅਚਾਨਕ ਆਏ ਦਿਲ ਦੇ ਦੌਰੇ ਨੇ ਉਸਦੀ ਜਾਨ ਲੈ ਲਈ।
ਉਹਨਾਂ ਕਿਹਾ ਕਿ ਲਖਵਿੰਦਰ ਸਿੰਘ ਹਜੇ ਕੁਆਰਾ ਸੀ ਅਤੇ ਪਰਿਵਾਰ ਦੀਆਂ ਉਮੀਦਾਂ ਦਾ ਕੇਂਦਰ ਸੀ। ਉਸ ਨੇ ਵਿਦੇਸ਼ ਜਾਣ ਲਈ ਘਰ ਦੀ ਜ਼ਮੀਨ ਗਹਿਣੇ ਧਰ ਕੇ ਕਰਜ਼ਾ ਲਿਆ ਸੀ ਤੇ ਅਮਰੀਕਾ ਵਿਚ ਮਿਹਨਤ ਕਰਕੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਖ਼ਬਰ ਪਿੰਡ ‘ਚ ਪਹੁੰਚਦੇ ਹੀ ਮਾਹੌਲ ਗ਼ਮਗੀਨ ਹੋ ਗਿਆ। ਹਰ ਕੋਈ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ। ਪਿੰਡ ਦੇ ਬਜ਼ੁਰਗਾਂ ਅਤੇ ਸੰਗਤ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਲਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਆਪਣੇ ਮਾਤਭੂਮੀ ‘ਚ ਕੀਤਾ ਜਾ ਸਕੇ।
