ਨੈਸ਼ਨਲ ਟਾਈਮਜ਼ ਬਿਊਰੋ :- ਮੌਜੂਦਾ ਸਮੇਂ ਬਹੁਤ ਵੱਡੀ ਗਿਣਤੀ ਵਿਚ ਪੰਜਾਬ ਤੋਂ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਚੰਗੀ ਭਵਿੱਖ ਦੀ ਆਸ ਲਈ ਉਹ ਵਿਦੇਸ਼ ਦੀ ਧਰਤੀ ਵੱਲ ਨੂੰ ਰੁਖ਼ ਕਰਦੇ ਹਨ ਤੇ ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਚੰਗਾ ਕਮਾ ਕੇ ਪਰਿਵਾਰ ਦਾ ਆਰਥਿਕ ਸਹਾਰਾ ਬਣਨਗੇ ਪਰ ਕਈ ਵਾਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਤੇ ਉਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੋ ਪਾਉਂਦੇ। ਅਜਿਹਾ ਹੀ ਇਕ ਸੜਕ ਹਾਦਸਾ ਕੈਨੇਡਾ ਵਿਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹੈ ਜਿਸ ਨੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਤੋੜ ਦਿੱਤਾ ਹੈ।
ਜਾਣਕਾਰੀ ਮੁਤਾਬਕ ਚੰਗੇ ਭਵਿੱਖ ਲਈ ਮਨਿੰਦਰ ਸਿੰਘ 2019 ‘ਚ ਕੈਨੇਡਾ ਗਿਆ ਸੀ। ਮਨਿੰਦਰ ਕੈਨੇਡਾ ਦੇ ਐਡਮਿੰਟਨ ਵਿਚ ਟਰਾਲਾ ਚਲਾਉਂਦਾ ਸੀ ਤੇ ਉਥੇ ਸੜਕ ਹਾਦਸੇ ਵਿਚ ਉਸ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਟਰਾਲੇ ਦੀ ਟਰੱਕ ਨਾਲ ਜ਼ੋਰਦਾਰ ਟੱਕਰ ਹੋਈ। ਮਨਿੰਦਰ ਸਿੰਘ ਲੁਧਿਆਣੇ ਦੇ ਪਿੰਡ ਛਪਾਰ ਦਾ ਵਸਨੀਕ ਸੀ।
ਦੱਸਿਆ ਜਾ ਰਿਹਾ ਹੈ ਕਿ ਇਕ ਟਰੱਕ ਡਰਾਈਵਰ ਨੇ ਅਚਾਨਕ ਸੜਕ ‘ਤੇ ਗੱਡੀ ਚੜ੍ਹਾ ਦਿੱਤੀ ਤੇ ਟੱਕਰ ਇੰਨੀ ਭਿਆਨਕ ਸੀ ਕਿ ਟਰਾਲਾ ਚਾਲਕ ਮਨਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਵੱਲੋਂ ਦੱਸਿਆ ਗਿਆ ਕਿ ਫੋਨ ‘ਤੇ ਉਨ੍ਹਾਂ ਨੂੰ ਇਹ ਮੰਦਭਾਗੀ ਖਬਰ ਮਿਲੀ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸੜਕ ਹਾਦਸੇ ਦੌਰਾਨ ਮਨਿੰਦਰ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਕਰਕੇ ਉਸ ਦੀ ਮੌਤ ਹੋ ਗਈ।