ਚੰਡੀਗੜ੍ਹ (ਗੁਰਪ੍ਰੀਤ ਸਿੰਘ): 2027 ਅਜੇ ਲੱਗਭਗ 7 ਮਹੀਨਿਆਂ ਦੂਰ ਹੈ ਪਰ ਚੋਣਾਂ ਦੀ ਗਰਮੀ ਦੀ ਤਪਸ਼ ਇੰਨੀਂ ਵਧਦੀ ਜਾ ਰਹੀ ਹੈ ਕਿ ਸਿਆਸੀ ਗਲਿਆਰੇ ‘ਚ ਹਲਚਲ ਵੱਧ ਗਈ ਹੈ। ਹਲਚਲ ਤਾਂ ਉਦੋਂ ਹੀ ਵੱਧ ਗਈ ਸੀ ਜਦੋਂ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ 7 ਰਾਜ ਸਭਾ ਮੈਂਬਰ ਪਾਰਟੀ ਨੂੰ ਅਲਵਿਦਾ ਆਖ ਕੇ ਭਾਜਪਾ ‘ਚ ਸ਼ਾਮਲ ਹੋ ਗਏ।
ਉਹੀ ਭਾਜਪਾ ਜਿਸ ਦੀ ਇਹੀ ਰਾਜ ਸਭਾ ਮੈਂਬਰ ਆਲੋਚਨਾ ਕਰਦੇ ਸਨ। ਪਰ ਜਿੰਨੀਆਂ ਵੀ ਹਾਲ ਹੀ ਦੀਆਂ ਰਾਜਨੀਤਿਕ ਗਤੀਵਿਧੀਆਂ ਹਨ, ਖਾਸ ਤੌਰ ‘ਤੇ ਪੰਜਾਬ ਵਿੱਚ, ਇਹੀ ਇਸ਼ਾਰਾ ਕਰ ਰਹੀਆਂ ਹਨ ਕਿ ਪੰਜਾਬ ਵਿੱਚ ਜਿੱਥੇ ਚਕੋਣੀ ਮੁਕਾਬਲਾ ਹੁੰਦਾ ਸੀ, ਉੱਥੇ ਅੱਜ ਮਹਿਜ਼ ਦੋਕੋਣੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਚੋਣ ਮੁਕਾਬਲਾ ਚਕੋਣੀ ਦੀ ਥਾਂ ਤੇ ਦੋਕੋਣੀ ਕਰਨ ਦੀ ਕੋਸ਼ਿਸ਼
ਭਾਵੇਂ ਪੰਜਾਬ ਦੀ ਇੱਕੋ-ਇੱਕ ਪੰਥਕ ਪਾਰਟੀ ਅਕਾਲੀ ਦਲ ਅਤੇ ਦੂਜੀ ਪਾਰਟੀ ਕਾਂਗਰਸ ਨੇ ਸਾਲਾਂ ਤੱਕ 5-5 ਸਾਲ ਦੀ ਸੱਤਾ ਵਾਲੇ ਫਾਰਮੂਲੇ ‘ਤੇ ਕੰਮ ਕੀਤਾ ਹੋਵੇ, ਪਰ 2022 ‘ਚ ਆਏ ਤੂਫ਼ਾਨ ਨੇ ਗਣਿਤ ਦੇ ਸਾਰੇ ਅੰਕੜੇ ਹਿਲਾ ਕੇ ਰੱਖ ਦਿੱਤੇ ਜਦੋਂ ਆਮ ਆਦਮੀ ਪਾਰਟੀ ਤੂਫ਼ਾਨ ਦੀ ਤਰ੍ਹਾਂ ਆਈ ਅਤੇ ਮੀਂਹ ਵਾਂਗ ਜ਼ਮੀਨ ‘ਚ ਵੱਸ ਗਈ। 2022 ਦੀਆਂ ਚੋਣਾਂ ਵਿੱਚ ਪੰਜਾਬ ਨੇ ਕੁੱਝ ਅਜਿਹਾ ਦੇਖਿਆ ਜਿਵੇਂ 2014 ਵਿੱਚ ਪੂਰੇ ਭਾਰਤ ਨੇ ਦੇਖਿਆ ਸੀ। ‘ਆਪ’ 92 ਸੀਟਾਂ ਦੀ ਭਾਰੀ ਬਹੁਮਤ ਨਾਲ ਇਤਿਹਾਸ ਰੱਚ ਗਈ ਅਤੇ ਪੰਜਾਬ ਦੀ ਸਿਆਸਤ ਦੀ ਤਸਵੀਰ ਬਦਲ ਗਈ।
2022 ‘ਚ ਮੁਕਾਬਲਾ ‘ਆਪ’ ਬਨਾਮ ਕਾਂਗਰਸ ਸੀ ਅਤੇ ਅਕਾਲੀ ਦਲ ਦਾ ਵਜੂਦ ਲਗਭਗ ਖਤਮ ਸੀ। ਪਰ ਮਹਿਜ਼ 4 ਸਾਲ ਹੋਏ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਆਪਣੀ ਥਾਂ ਹੋਰ ਮਜ਼ਬੂਤ ਕਰ ਗਈ। ‘ਆਪ’ ਦੀ ਥਾਂ ਮਜ਼ਬੂਤ ਹੋਣਾ ਇੱਕ ਆਮ ਗੱਲ ਹੈ ਕਿਉਂਕਿ ਉਹ ਸੱਤਾਧਾਰੀ ਪਾਰਟੀ ਹੈ ਪਰ ਅਸਲ ਹੈਰਾਨੀ ਹੁਣ ਇਹ ਹੋ ਰਹੀ ਹੈ ਕਿ ਜਿੱਥੇ ਮੁਕਾਬਲੇ ਕਾਂਗਰਸ ਅਤੇ ਅਕਾਲੀ ਦੱਲ ਨੂੰ ਮੰਨਿਆ ਜਾਂਦਾ ਸੀ, ਅੱਜ ਉੱਥੇ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਕੋਈ ਗੰਭੀਰ ਮੁਕਾਬਲਾ ਨਹੀਂ ਮੰਨ ਰਿਹਾ। ਤਾਂ ਫ਼ਿਰ ਮੁਕਾਬਲਾ ਹੈ ਕਿਸਦਾ? ਹਾਲ ਹੀ ਦੀਆਂ ਗਤੀਵਿਧੀਆਂ ਅਤੇ ਬਿਆਨਬਾਜ਼ੀਆਂ ਤੋਂ ਇਹ ਸਾਫ਼ ਲੱਗ ਰਿਹਾ ਹੈ ਕਿ ਮੁਕਾਬਲਾ ਦੋਕੋਣੀ ਹੋਣ ਜਾ ਰਿਹਾ ਹੈ ਅਤੇ ਇਸ ਵਾਰ ਮੁਕਾਬਲਾ ਆਪ ਬਨਾਮ ਭਾਜਪਾ ਨਜ਼ਰ ਆ ਰਿਹਾ ਹੈ।
ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ, ਜਿਨ੍ਹਾਂ ਵਿੱਚ ਪਾਰਟੀ ਦੇ ਦਿਗਜ ਲੀਡਰ ਰਾਘਵ ਚੱਢਾ, ਸੰਦੀਪ ਪਾਠਕ ਅਤੇ ਸਵਾਤੀ ਮਾਲਵੀਆ ਦੇ ਨਾਮ ਸ਼ਾਮਲ ਹਨ, ਦਾ ਭਾਜਪਾ ਵਿੱਚ ਸ਼ਾਮਲ ਹੋਣਾ ਅਤੇ ‘ਆਪ’ ‘ਤੇ ਪੰਜਾਬ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਣਾ ਅਤੇ ‘ਆਪ’ ਵੱਲੋਂ ਮਹਿਜ਼ ਭਾਜਪਾ ‘ਤੇ ਨਿਸ਼ਾਨਾ ਸਾਧਿਆ ਜਾਣਾ ਅਤੇ ਵਾਰ ਵਾਰ ਕਾਂਗਰਸ ਅਤੇ ਅਕਾਲੀ ਦਲ ਨੂੰ ਫਿੱਕਾ ਦਿਖਾਉਣਾ ਹੀ ਦਰਸਾ ਰਿਹਾ ਹੈ ਕਿ ਚੋਣ ਮੁਕਾਬਲੇ ਨੂੰ ਚਕੋਣੀ ਦੀ ਥਾਂ ‘ਤੇ ਦੋਕੋਣੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
CM ਭਗਵੰਤ ਮਾਨ ਨੇ ਭਾਜਪਾ ਨੂੰ ਦਿੱਤੀ ਖੁੱਲੀ ਸਪੇਸ!
ਹੁਣ ਅਜਿਹੇ ਕਈ ਦ੍ਰਿਸ਼ ਹਨ ਜਿਹੜੇ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ। ਪਹਿਲਾ, ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਜਾ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣਾ ਅਤੇ ਸਿਧੇ ਸਿਧੇ ਭਾਜਪਾ ‘ਤੇ ਨਿਸ਼ਾਨਾ ਲਗਾਉਣਾ। ਦੂਜਾ, ਪੰਜਾਬ ‘ਚ ਹਾਲ ਹੀ ਵਿੱਚ 9 ਦਿਨਾਂ ਵਿੱਚ ਹੋਏ 3 ਧਮਾਕਿਆਂ ਲਈ ਭਾਜਪਾ ‘ਤੇ ਇਲਜ਼ਾਮ ਲਗਾਉਣਾ। ਤੀਜਾ, ਪਿਛਲੇ ਕੁੱਝ ਮਹੀਨਿਆਂ ਤੋਂ ਕਾਂਗਰਸ ਅਤੇ ਅਕਾਲੀ ਦਲ ਨੂੰ ਲਗਭਗ ਦਰਕਿਨਾਰ ਕਰਨਾ। ਇਹ ਸਭ ਭਾਵੇਂ ਜਾਣ ਬੁਝ ਕੇ ਕੀਤਾ ਜਾ ਰਿਹਾ ਹੋਵੇ ਜਾਂ ਅਣਜਾਣੇ ਵਿੱਚ, ਇਹ ਸਭ ਭਾਜਪਾ ਨੂੰ ਜੋ ਪਾਰਟੀ 2022 ਵਿੱਚ ਚੌਥੇ ਥਾਂ ‘ਤੇ ਸੀ, ਉਸਨੂੰ ਨੂੰ ਹੁਣ ਇੰਨਾ ਵੱਡਾ ਸਪੇਸ ਮਿਲ ਰਿਹਾ ਹੈ ਕਿ ਉਹ ਫਿਲਹਾਲ ਦੂਜੇ ਥਾਂ ‘ਤੇ ਨਜ਼ਰ ਆ ਰਹੀ ਹੈ।
ਇਸ ਵਿੱਚ ਇਹ ਕਹਿਣਾ ਬਿਲਕੁਲ ਗ਼ਲਤ ਨਹੀਂ ਹੋਵੇਗਾ ਕਿ ਕਾਂਗਰਸ ਅਤੇ ਅਕਾਲੀ ਦਲ ਫਿਲਹਾਲ ਪਿਛੜੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਜਿਵੇਂ ਇੱਕ ਕਹਾਵਤ ਹੈ ਕਿ “ਜੋ ਦਿਖਤਾ ਹੈ ਵਹੀ ਬਿਕਤਾ ਹੈ”, ਤੇ ਫਿਲਹਾਲ ਸੱਚ ਇਹੀ ਹੈ ਕਿ ਭਾਜਪਾ ਤੇ ਆਪ ਹੀ ਕੇਵਲ ਨਜ਼ਰ ਆ ਰਹੇ ਹਨ ਅਤੇ ਕਾਂਗਰਸ ਅਤੇ ਅਕਾਲੀ ਦਲ, ਫਿਲਹਾਲ ਗਾਇਬ ਚੱਲ ਰਹੇ ਹਨ।
ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਦੇ ਸਿਆਸੀ ਅਰਥ
ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਕਰਾਨਾ ਯਾਤਰਾ ਦਾ ਆਗਾਜ਼ ਕੀਤਾ ਗਿਆ ਅਤੇ ਇਸ ਦੇ ਕਈ ਮਾਇਨੇ ਹਨ। ਇੱਕ ਤਾਂ ਬਿਲਕੁਲ ਪਾਰਟੀ ਦੀ ਤਾਕਤ ਦਾ ਪ੍ਰਦਰਸ਼ਨ ਹੈ ਹੀ ਪਰ ਦੂਜਾ ਹੈ ਅਕਾਲੀ ਦਲ ਨੂੰ ਸਿੱਧੀ ਚੋਟ ਮਾਰਨਾ। ਉਹ ਕਿਵੇਂ? ਉਹ ਇੱਕ ਤਾਂ ਇਸ ਵੱਡੀ ਯਾਤਰਾ ਤੋਂ ਸਿਰਫ ਭਾਜਪਾ ਦਾ ਜ਼ਿਕਰ ਕਰਨਾ, ਯਾਨੀ ਨਿਸ਼ਾਨੇ ਸਾਧਨਾ, ਅਤੇ ਬਿਨਾ ਅਕਾਲੀ ਦਲ ਦਾ ਨਾਮ ਲਏ ਅਕਾਲੀ ਦਲ ਦੀ “ਪੰਥਕ ਵੋਟ ਬੈਂਕ” ਨੂੰ ਚੋਟ ਮਾਰਨਾ, ਕਿਉਂਕਿ ਪਿਛਲੇ ਕਈ ਸਮੇਂ ਤੋਂ ਭਾਵੇਂ ਆਮ ਆਦਮੀ ਪਾਰਟੀ ਨੇ ਕਦੇ ਪੰਥਕ ਵੋਟ ਲੈਣ ਲਈ ਜ਼ਿਆਦਾ ਜੱਦੋ-ਜਹਿਦ ਨਹੀਂ ਕੀਤੀ ਪਰ ਬੇਅਦਬੀ ਕਾਨੂੰਨ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ (ਸੋਧ ਬਿੱਲ 2026) ਦੇ ਲਾਗੂਕਰਨ ਨਾਲ ਹੁਣ ਪੰਥਕ ਵੋਟ ਵੀ ਦਾਇਰੇ ਤੋਂ ਦੂਰ ਨਹੀਂ ਹਨ।
ਜਿੱਥੇ ਸੰਗਤ ਦੇ ਇੱਕ ਹਿੱਸੇ ਵੱਲੋਂ ਬੇਅਦਬੀ ਕਾਨੂੰਨ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ (ਸੋਧ ਬਿੱਲ 2026) ਦਾ ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਕਥਿਤ ਤੌਰ ਤੇ ਅਕਾਲੀ ਦਲ ਦੇ “ਇਸ਼ਾਰੇ ‘ਤੇ ਚਲਣ ਵਾਲੇ” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਜੋ ਲੋਕਾਂ ਦੇ ਇਲਜ਼ਾਮ ਹਨ) ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਣ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਲਗਭਗ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਾ ਰਿਹਾ ਹੈ। ਇਹ ਆਮ ਚਰਚਾ ਹੈ ਕਿ ਜੇਕਰ ਅਕਾਲ ਤਖਤ ਜਾਂ ਐਸਜੀਪੀਸੀ ਨੂੰ ਇਹ ਕਾਨੂੰਨ ਨਾ ਮੰਜ਼ੂਰ ਸੀ ਤਾਂ ਪਹਿਲਾਂ ਵਿਰੋਧ ਕਿਉ ਨਹੀ ਕੀਤਾ?
CM ਦੀ ਗੁਗਲੀ ਨਾਲ ਕਾਂਗਰਸ ਅਤੇ ਅਕਾਲੀ ਦਲ ਹੋਏ ਬੈਕਫੁੱਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੁੱਟੀ ਗਈ ਗੁਗਲੀ ਫਿਲਹਾਲ ਅਕਾਲੀ ਦਲ ਅਤੇ ਕਾਂਗਰਸ ਲਈ ਠੀਕ ਉਸੇ ਤਰ੍ਹਾਂ ਕੰਮ ਕਰ ਰਹੀ ਹੈ ਜਿਵੇਂ ਅਨਿਲ ਕੁੰਬਲੇ ਨੇ ਬੱਲੇਬਾਜ਼ਾਂ ਦੇ ਵਿਕਟ ਦੇ ਸਾਹਮਣੇ ਖੜੇ ਹੋਣ ਦੇ ਬਾਵਜੂਦ ਗੇਂਦ ਕਿੱਲੀਆਂ ‘ਤੇ ਮਾਰੀ ਸੀ। ਅਤੇ ਫਿਲਹਾਲ ਅਕਾਲੀ ਦਲ ਅਤੇ ਕਾਂਗਰਸ ਉਨ੍ਹਾਂ ਬੱਲੇਬਾਜ਼ਾਂ ਦੀ ਤਰ੍ਹਾਂ ਹੀ ਪਿਚ ‘ਤੇ ਤਾਂ ਖੜੇ ਹਨ ਪਾਰ ਭਗਵੰਤ ਸਿੰਘ ਮਾਨ ਦੀ ਗੁਗਲੀ ਉਨ੍ਹਾਂ ਨੂੰ ਸਮਝ ਨਹੀਂ ਲੱਗ ਰਹੀ।
