ਰਾਏਕੋਟ ਦੇ ਨੌਜਵਾਨ ਦੀ ਸਪੇਨ ‘ਚ ਸ਼ੱਕੀ ਮੌਤ, ਪਰਿਵਾਰ ਸਦਮੇ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਨਾਲ ਸਬੰਧਤ 32 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਦੀ ਸਪੇਨ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮ੍ਰਿਤਕ ਦੇ ਪਰਿਵਾਰ ਮੁਤਾਬਕ, ਅਰਸ਼ਦੀਪ ਸਿੰਘ ਕਰੀਬ 8-9 ਸਾਲ ਪਹਿਲਾਂ ਚੰਗੇ ਭਵਿੱਖ ਅਤੇ ਰੋਜ਼ਗਾਰ ਦੀ ਭਾਲ ਵਿੱਚ ਸਪੇਨ ਗਿਆ ਸੀ ਅਤੇ ਪਿਛਲੇ 5 ਸਾਲਾਂ ਤੋਂ ਇੱਕ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ।

ਪਰਿਵਾਰ ਨੇ ਦੱਸਿਆ ਕਿ ਅਚਾਨਕ ਰਿਸ਼ਤੇਦਾਰਾਂ ਵੱਲੋਂ ਫੋਨ ਕਰਕੇ ਉਸਦੀ ਮੌਤ ਦੀ ਖ਼ਬਰ ਦਿੱਤੀ ਗਈ, ਜਿਸ ਨਾਲ ਘਰ ਵਿੱਚ ਕੋਹਰਾਮ ਮਚ ਗਿਆ। ਅਰਸ਼ਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਉਸਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਪਿਤਾ ਬਲਵਿੰਦਰ ਸਿੰਘ ਨੇ ਇਸ ਮਾਮਲੇ ‘ਤੇ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਉਹ ਕਈ ਸਾਲਾਂ ਤੋਂ ਇੱਕੋ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ ਅਤੇ ਆਪਣੇ ਕੰਮ ਵਿੱਚ ਮਾਹਰ ਸੀ, ਇਸ ਲਈ ਉਸਦੀ ਅਚਾਨਕ ਮੌਤ ਸਵਾਲ ਖੜ੍ਹੇ ਕਰਦੀ ਹੈ।

ਕੁਝ ਰਿਸ਼ਤੇਦਾਰਾਂ ਦੇ ਅਨੁਸਾਰ, ਸੰਭਵ ਹੈ ਕਿ ਫੈਕਟਰੀ ਵਿੱਚ ਮਸ਼ੀਨਾਂ ਨਾਲ ਹਾਦਸਾ ਵਾਪਰਿਆ ਹੋਵੇ, ਪਰ ਹਾਲੇ ਤੱਕ ਅਸਲ ਕਾਰਨ ਸਪੱਸ਼ਟ ਨਹੀਂ ਹੋ ਸਕਿਆ।

ਪਰਿਵਾਰ ਨੇ ਸਪੇਨ ਸਰਕਾਰ ਤੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਪੰਜਾਬ ਅਤੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਉੱਚ ਪੱਧਰ ‘ਤੇ ਉਠਾਇਆ ਜਾਵੇ, ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।

ਇਸ ਘਟਨਾ ਤੋਂ ਬਾਅਦ ਸਪੇਨ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਵੀ ਗੁੱਸਾ ਅਤੇ ਚਿੰਤਾ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *