ਨੈਸ਼ਨਲ ਟਾਈਮਜ਼ ਬਿਊਰੋ :- -ਡੀ. ਆਰ. ਐੱਮ. ਸੰਜੀਵ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰੇਲਵੇ ਨੇ ਇਕ ਵਿਸ਼ੇਸ਼ ਮੁਹਿੰਮ ਚਲਾਈ ਅਤੇ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 62 ਯਾਤਰੀਆਂ ਨੂੰ 32,000 ਰੁਪਏ ਦਾ ਜੁਰਮਾਨਾ ਕੀਤਾ। ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਤਿੰਨ ਗੈਰ-ਕਾਨੂੰਨੀ ਵਿਕਰੇਤਾਵਾਂ ਨੂੰ ਫੜਿਆ ਗਿਆ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟ੍ਰੇਨਾਂ ਨੰਬਰ 19611 ਅੰਮ੍ਰਿਤਸਰ ਐਕਸਪ੍ਰੈੱਸ ਅਤੇ 14618 ਜਨਸੇਵਾ ’ਤੇ ਟਿਕਟ ਜਾਂਚ ਮੁਹਿੰਮ ਚਲਾਈ ਗਈ। ਟਿਕਟ ਜਾਂਚ ਮੁਹਿੰਮ ਦੌਰਾਨ ਰੇਲਵੇ ਚੈਕਿੰਗ ਸਟਾਫ਼ ਅਤੇ ਆਰ. ਪੀ. ਐੱਫ਼. ਕਰਮਚਾਰੀ ਮੌਜੂਦ ਸਨ। ਬਿਨਾਂ ਟਿਕਟਾਂ ਤੇ ਅਨਿਯਮਿਤ ਯਾਤਰਾ ਕਰਨ ਲਈ 62 ਯਾਤਰੀਆਂ ਤੋਂ ਲਗਭਗ 32,000 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਟ੍ਰੇਨ ਨੰਬਰ 19611 ਦੀ ਸਾਈਡ ਪੈਂਟਰੀ ਕਾਰ ਵਿਚ ਅਚਾਨਕ ਚੈਕਿੰਗ ਦੌਰਾਨ ਗੈਰ-ਮਨਜ਼ੂਰਸ਼ੁਦਾ ਫੂਡ ਬ੍ਰਾਂਡ ਮਿਲੇ ਅਤੇ ਵਿਭਾਗ ਉਨ੍ਹਾਂ ਵਿਰੁੱਧ ਕਾਰਵਾਈ ਕਰ ਰਿਹਾ ਹੈ। ਰੇਲਵੇ ਅਧਿਕਾਰੀਆਂ ਵੱਲੋਂ 3 ਅਣਅਧਿਕਾਰਤ ਵਿਕਰੇਤਾਵਾਂ ਨੂੰ ਵੀ ਫੜਿਆ ਗਿਆ ਤੇ ਆਰ. ਪੀ. ਐੱਫ਼. ਦੇ ਹਵਾਲੇ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੈਂਟਰੀ ਕਾਰ ਵਿਚ ਪਾਏ ਗਏ ਗੈਰ-ਮਨਜ਼ੂਰਸ਼ੁਦਾ ਬ੍ਰਾਂਡ ਦੇ ਖਾਣ-ਪੀਣ ਦੇ ਸਾਮਾਨ ਸਬੰਧੀ ਆਈ. ਆਰ. ਸੀ. ਟੀ. ਸੀ. ਨਿਯਮਾਂ ਤਹਿਤ ਪੈਂਟਰੀ ਕਾਰ ਲਾਇਸੈਂਸਧਾਰਕ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਗਈ ਹੈ। ਹਾਲ ਹੀ ਵਿਚ ਰੇਲਵੇ ਬੋਰਡ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਰੇਲਵੇ ਅਧਿਕਾਰੀ ਜਨਰਲ ਕੋਚਾਂ ਵਿਚ ਯਾਤਰਾ ਕਰਨਗੇ ਤੇ ਯਾਤਰੀਆਂ ਦੀਆਂ ਸਹੂਲਤਾਂ ਬਾਰੇ ਫੀਡਬੈਕ ਪ੍ਰਾਪਤ ਕਰਨ ਲਈ ਯਾਤਰੀਆਂ ਨਾਲ ਗੱਲਬਾਤ ਕਰਨਗੇ। ਇਸ ਨਿਰਦੇਸ਼ਾਂ ਅਨੁਸਾਰ ਅਧਿਕਾਰੀਆਂ ਨੇ ਵੱਖ-ਵੱਖ ਅਣ-ਰਾਖਵੇਂ (ਜਨਰਲ ਕਲਾਸ) ਕੋਚਾਂ ਵਿਚ ਯਾਤਰਾ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਯਾਤਰੀਆਂ ਨਾਲ ਗੱਲਬਾਤ ਕੀਤੀ ਤੇ ਯਾਤਰੀਆਂ ਦੀਆਂ ਸਹੂਲਤਾਂ ਬਾਰੇ ਫੀਡਬੈਕ ਪ੍ਰਾਪਤ ਕੀਤਾ। ਜਨਤਕ ਸ਼ਿਕਾਇਤਾਂ ਨੂੰ ਘਟਾਉਣ ਲਈ ਅਗਲੇਰੀ ਜ਼ਰੂਰੀ ਕਾਰਵਾਈ ਲਈ ਮਕੈਨੀਕਲ ਵਿਭਾਗ ਅਤੇ ਆਈ. ਆਰ. ਸੀ. ਟੀ. ਸੀ. ਨੂੰ ਸੂਚਿਤ ਕੀਤਾ ਗਿਆ ਸੀ।
ਬਿਆਸ ਰੇਲਵੇ ਸਟੇਸ਼ਨ ’ਤੇ ਸਹੂਲਤਾਂ ਦਾ ਲਿਆ ਜਾਇਜ਼ਾ
ਰੇਲਵੇ ਅਧਿਕਾਰੀਆਂ ਨੇ ਐਤਵਾਰ ਬਿਆਸ ਵਿਚ ਰਾਧਾ ਸੁਆਮੀ ਸਤਿਸੰਗ ਭੰਡਾਰੇ ਸਬੰਧੀ ਬਿਆਸ ਰੇਲਵੇ ਸਟੇਸ਼ਨ ’ਤੇ ਸਹੂਲਤਾਂ ਦਾ ਨਿਰੀਖਣ ਕੀਤਾ। ਰਾਧਾ ਸੁਆਮੀ ਸਤਿਸੰਗ ਬਿਆਸ ਭੰਡਾਰੇ ਦੇ ਮੱਦੇਨਜ਼ਰ ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਗਈਆਂ, ਜੋ ਪੂਰੀ ਤਰ੍ਹਾਂ ਭਰੀਆਂ ਹੋਈਆਂ ਸਨ।
