ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਬਿਆਨਬਾਜ਼ੀ ਨੇ ਇੱਕ ਵਾਰ ਫਿਰ ਵਿਵਾਦ ਖੜ੍ਹਾ ਕਰ ਦਿੱਤਾ ਹੈ। ਬੂਟਾ ਸਿੰਘ ਸਬੰਧੀ ਟਿੱਪਣੀ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਬਾਰੇ ਕੀਤੀ ਟਿੱਪਣੀ ਚਰਚਾ ਦਾ ਵਿਸ਼ਾ ਬਣ ਗਈ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਗਿਆਨੀ ਜੈਲ ਸਿੰਘ ਦੇ ਰਿਸ਼ਤੇਦਾਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਬਿਆਨ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਜਾ ਵੜਿੰਗ ਤੋਂ ਤੁਰੰਤ ਮਾਫ਼ੀ ਮੰਗਣ ਦੀ ਮੰਗ ਕੀਤੀ ਹੈ।
COMMERCIAL BREAK
SCROLL TO CONTINUE READING
ਉਨ੍ਹਾਂ ਕਿਹਾ ਕਿ ਵੜਿੰਗ ਨੇ ਬੂਟਾ ਸਿੰਘ ਮਾਮਲੇ ਵਿੱਚ ਮਾਫ਼ੀ ਮੰਗਦਿਆਂ ਗਿਆਨੀ ਜੈਲ ਸਿੰਘ ਨੂੰ ਪਾਠੀ ਤੇ ਰਾਗੀ ਕਹਿਕੇ ਪਾਠੀਆਂ ਤੇ ਗ੍ਰੰਥੀਆਂ ਦੀ ਸੇਵਾ ਨੂੰ ਤੁੱਛ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਸੰਧਵਾਂ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਇਸ ਤਰ੍ਹਾਂ ਦੀ ਹੋਛੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਪਾਠੀ ਤੇ ਗ੍ਰੰਥੀ ਭਾਈਚਾਰੇ ਤੋਂ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖ ਜਗਤ ਵਿੱਚ ਪਾਠੀ ਸਿੰਘਾਂ ਦਾ ਬਹੁਤ ਉੱਚਾ ਦਰਜਾ ਹੈ ਇਹ ਗੁਰੂ ਦੇ ਵਜ਼ੀਰ ਮੰਨੇ ਜਾਂਦੇ ਹਨ, ਜਿਨ੍ਹਾਂ ਦੇ ਰੁਤਬੇ ਅੱਗੇ ਦੁਨਿਆਵੀ ਵਜ਼ੀਰਾਂ ਦਾ ਰੁਤਬਾ ਕੁਝ ਵੀ ਨਹੀਂ।
