ਅੰਮ੍ਰਿਤਸਰ ’ਚ ਸਰਾਂ ਬਣਾਏਗੀ ਰਾਜੌਰੀ ਗਾਰਡਨ ਸਿੰਘ ਸਭਾ

ਨੈਸ਼ਨਲ ਟਾਈਮਜ਼ ਬਿਊਰੋ :- ਰਾਜੌਰੀ ਗਾਰਡਨ ਸਿੰਘ ਸਭਾ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਨੇੜੇ ਇੱਕ ਸਰਾਂ ਬਣਾਈ ਜਾਵੇਗੀ ਜਿਸ ਵਿੱਚ 32 ਕਮਰੇ ਬਣਾਉਣ ਦੀ ਤਜਵੀਜ਼ ਹੈ। ਇਹ ਸਰਾਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ ਅਤੇ ਉੱਚ ਮਿਆਰੀ ਕਮਰੇ ਬਣਾਉਣ ਦੀ ਯੋਜਨਾ ਵੀ ਇਸ ਵਿੱਚ ਸ਼ਾਮਲ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਗਰੋਂ ਦਿੱਲੀ ਦੇ ਸਿੱਖਾਂ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਣਾਈ ਜਾਣ ਵਾਲੀ ਦੂਜੀ ਸਰਾਂ ਹੋਵੇਗੀ ਜੋ ਇੱਕ ਸਿੰਘ ਸਭਾ ਵੱਲੋਂ ਬਣਾਈ ਜਾਵੇਗੀ। ਇਹ ਬਾਰੇ ਸਿੰਘ ਸਭਾ ਦੇ ਅਹੁਦੇਦਾਰਾਂ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਸਭਾ ਨੇ 250 ਗਜ਼ ਦਾ ਇੱਕ ਪਲਾਟ ਅੰਮ੍ਰਿਤਸਰ ਵਿਚ ਖਰੀਦ ਲਿਆ ਹੈ। ਗੁਰਦੁਆਰੇ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਸੀਤਾ ਨਿਵਾਸ ਨਾਲ ਲੱਗਦੇ ਇਲਾਕੇ ਵਿੱਚ ਇਹ ਪਲਾਟ ਖਰੀਦਿਆ ਗਿਆ ਹੈ ਜੋ ਸ੍ਰੀ ਦਰਬਾਰ ਸਾਹਿਬ ਦੇ ਜੋੜਾ ਘਰ ਤੋਂ ਦੋ ਮਿੰਟ ਦੇ ਪੈਦਲ ਰਸਤੇ ਉੱਤੇ ਸਥਿਤ ਹੈ ਜਿੱਥੇ ਸਰਾਂ ਬਣਾਈ ਜਾਣੀ ਹੈ ਤੇ ਇਹ ਇਲਾਕਾ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਨੇੜੇ ਵੀ ਪੈਂਦਾ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁੰਦਰ ਸਿੰਘ ਨਾਰੰਗ, ਕੁਲਦੀਪ ਸਿੰਘ ਸੇਠੀ, ਅਜੀਤ ਸਿੰਘ ਮੋਂਗਾ, ਹਰਜੀਤ ਸਿੰਘ ਬਖਸ਼ੀ, ਹਰਨੇਕ ਸਿੰਘ ਮੱਕੜ ਅਤੇ ਹਰਨਾਮ ਸਿੰਘ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਇਸ ਪਲਾਟ ’ਤੇ ਚਾਰ ਮੰਜ਼ਿਲਾ ਇਮਾਰਤ ਬਣਾਈ ਜਾਵੇਗੀ ਅਤੇ ਵਾਤਾਅਨੁਕੂਲ ਕਮਰੇ ਗੁਸਲਖਾਨਿਆਂ ਨਾਲ ਬਣਾਏ ਜਾਣਗੇ।

By Gurpreet Singh

Leave a Reply

Your email address will not be published. Required fields are marked *