ਰਾਜਵੀਰ ਜਵੰਦਾ ਦੀ ਮੌਤ ਦਾ ਮਾਮਲਾ: ਅੱਜ ਹਾਈ ਕੋਰਟ ‘ਚ ਹੋਵੇਗੀ ਸੁਣਵਾਈ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ ਵਿੱਚ ਇੱਕ ਅਹਿਮ ਅਪਡੇਟ ਸਾਹਮਣੇ ਆਈ ਹੈ। ਇਸ ਸੰਬੰਧੀ ਦਾਇਰ ਕੀਤੀ ਗਈ ਪਟੀਸ਼ਨ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਣੀ ਹੈ। ਸੀਨੀਅਰ ਵਕੀਲ ਨਵਕਿਰਨ ਸਿੰਘ ਵੱਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ਵਿੱਚ ਪਿੰਜੌਰ ਦੇ ਇੱਕ ਹਸਪਤਾਲ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪਿੰਜੌਰ ‘ਚ ਹੋਏ ਹਾਦਸੇ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਨਿੱਜੀ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਹਸਪਤਾਲ ਵੱਲੋਂ ਜਵੰਦਾ ਨੂੰ ਸਹੀ ਫਸਟ ਏਡ ਨਹੀਂ ਦਿੱਤੀ ਗਈ ਅਤੇ ਲਾਪਰਵਾਹੀ ਵਰਤੀ ਗਈ।

ਹਾਦਸਾ ਅਤੇ ਲਾਪਰਵਾਹੀ ਦੇ ਇਲਜ਼ਾਮ

ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਸਨ ਕਿ ਇਲਾਜ ਦੌਰਾਨ ਕਿਸ ਤਰੀਕੇ ਨਾਲ ਲਾਪਰਵਾਹੀ ਵਰਤੀ ਗਈ।

  • ਹਾਦਸਾ: ਜਵੰਦਾ ਨਾਲ 27 ਸਤੰਬਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ ਸੀ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਸ਼ਿਮਲਾ ਜਾ ਰਹੇ ਸਨ ਅਤੇ ਬੱਦੀ ਨੇੜੇ ਉਨ੍ਹਾਂ ਦੀ ਬਾਈਕ ਦੇ ਸਾਹਮਣੇ 2 ਆਵਾਰਾ ਪਸ਼ੂ ਆ ਗਏ, ਜਿਸ ਕਾਰਨ ਗਾਇਕ ਇਸ ਹਾਦਸਾ ਵਿਚ ਗੰਭੀਰ ਜ਼ਖਮੀ ਹੋ ਗਏ।
  • ਮੌਤ: ਹਾਦਸੇ ਤੋਂ ਬਾਅਦ, ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਕਈ ਦਿਨਾਂ ਤੱਕ ਵੈਂਟੀਲੇਟਰ ‘ਤੇ ਰਹੇ। 8 ਅਕਤੂਬਰ ਨੂੰ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
  • ਪਟੀਸ਼ਨ ਵਿੱਚ ਦਾਅਵਾ: ਪਟੀਸ਼ਨ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਪਿੰਜੌਰ ਦੇ ਜਿਸ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਲਿਜਾਇਆ ਗਿਆ ਸੀ, ਉੱਥੋਂ ਦੇ ਡਾਕਟਰਾਂ ਨੇ ਸਹੀ ਤਰੀਕੇ ਨਾਲ ਫਸਟ ਏਡ ਨਹੀਂ ਦਿੱਤੀ।

ਇਸ ਪਟੀਸ਼ਨ ਰਾਹੀਂ ਸਿਰਫ਼ ਇਸ ਮਾਮਲੇ ‘ਚ ਇਨਸਾਫ਼ ਦੀ ਮੰਗ ਨਹੀਂ ਕੀਤੀ ਗਈ ਹੈ, ਸਗੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਅਜਿਹੇ ਹਾਲਾਤਾਂ ਵਿੱਚ ਜੇਕਰ ਕੋਈ ਹਸਪਤਾਲ ਲਾਪਰਵਾਹੀ ਕਰਦਾ ਹੈ, ਤਾਂ ਉਸ ਨੂੰ ਲੈ ਕੇ ਕੋਈ ਕਾਨੂੰਨ ਬਣਾਇਆ ਜਾਵੇ।

By Gurpreet Singh

Leave a Reply

Your email address will not be published. Required fields are marked *