ਡੇਰਾਬੱਸੀ, 22 ਜੂਨ : ਭਗਵਾਨ ਵਾਲਮੀਕਿ ਜੀ ਅਤੇ ਤੁਲਸੀ ਦਾਸ ਜੀ ਦੀ ਰਚਿਤ ਗ੍ਰੰਥ ਰਾਮਾਇਣ ਦੇ ਘਰ-ਘਰ ਪ੍ਰਚਾਰ ਲਈ ਸ੍ਰੀ ਰਾਮਲੀਲਾ ਕਮੇਟੀ 812 ਡੇਰਾਬੱਸੀ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਲਗਭਗ 4 ਹਜ਼ਾਰ ਸਕੂਲੀ ਬੱਚਿਆਂ ਦੀ ਲਿਖਤੀ ਅਤੇ ਮੌਖਿਕ ਪ੍ਰੀਖਿਆ ਕਰਵਾਈ ਗਈ ਹੈ। ਹੁਣ ਕਮੇਟੀ ਨੇ ਝੁੱਗੀ-ਝੋਪੜੀਆਂ ਵਿੱਚ ਵੱਸਣ ਵਾਲੇ ਬੱਚਿਆਂ ਨੂੰ ਵੀ ਸਿੱਖਿਆ ਅਤੇ ਭਾਰਤੀ ਸੰਸਕ੍ਰਿਤੀ, ਸਨਾਤਨ ਧਰਮ ਅਤੇ ਸੰਸਕਾਰਾਂ ਨਾਲ ਜੋੜਣ ਲਈ ਨਵੀਂ ਪਹਿਲ ਸ਼ੁਰੂ ਕੀਤੀ ਹੈ।
ਕਮੇਟੀ ਦੇ ਪ੍ਰਧਾਨ ਰਵਿੰਦਰ ਵੈਸ਼ਨਵ ਡੇਰਾਬੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲ ਹੀ ਵਿੱਚ ਉਹ ਮੁਬਾਰਕਪੁਰ ਨੇੜੇ ਬਹੁਤ ਘੱਟ ਸਰੋਤਾਂ ਨਾਲ ਜੀਵਨ ਗੁਜਾਰ ਰਹੇ ਪਰਿਵਾਰਾਂ ਦੇ ਬੱਚਿਆਂ ਨਾਲ ਮਿਲੇ ਤੇ ਉਨ੍ਹਾਂ ਨੂੰ ਰਾਮਾਇਣ ਗਿਆਨ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੁਹਿੰਮ ਰਾਹੀਂ ਤਿੰਨ ਦਰਜਨ ਤੋਂ ਵੱਧ ਬੱਚੇ ਤੁਰੰਤ ਤਿਆਰ ਹੋ ਗਏ ਹਨ।
ਇਸ ਪ੍ਰੋਜੈਕਟ ਨਾਲ ਜੁੜੇ ਉਪੇਸ਼ ਬੰਸਲ, ਦਿਨੇਸ਼ ਕੁਮਾਰ, ਏ.ਕੇ. ਤਿਆਗੀ ਅਤੇ ਵਰਖਾ ਨਾਮ ਜੀ ਨੇ ਦੱਸਿਆ ਕਿ ਅਗਲੇ ਮਹੀਨੇ ਬੱਚਿਆਂ ਲਈ ਪ੍ਰੀਖਿਆ ਕਰਵਾਈ ਜਾਵੇਗੀ। ਇਸਦੀ ਤਿਆਰੀ ਲਈ ਮੁਫ਼ਤ ਕਿਤਾਬਾਂ ਵੰਡੀਆਂ ਗਈਆਂ ਹਨ।
ਉਹਨਾਂ ਦੱਸਿਆ ਕਿ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਨਗਦ ਇਨਾਮ ਅਤੇ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਵੀ ਦਿੱਤੀ ਜਾਵੇਗੀ।
